ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਅਗਾਮੀ ਬਹੁ-ਚਰਚਿਤ ਫਿਲਮਾਂ ਵਿੱਚ ਅੱਜਕੱਲ੍ਹ ਆਪਣਾ ਸ਼ੁਮਾਰ ਕਰਵਾ ਰਹੀ ਹੈ 'ਜਾਗੋ ਆਈ ਆ', ਜਿਸ ਨੂੰ ਹਿੰਦੀ ਵਿੱਚ ਵੀ ਡੱਬ ਕੀਤੇ ਜਾਣ ਦੀ ਕਵਾਇਦ ਮੁੰਬਈ ਵਿਖੇ ਸ਼ੁਰੂ ਕਰ ਦਿੱਤੀ ਗਈ ਹੈ, ਜੋ ਜਲਦ ਹੀ ਦੇਸ਼-ਵਿਦੇਸ਼ ਦੇ ਸਿਨੇਮਾ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਕ੍ਰਿਏਟਿਵ ਬ੍ਰੋਜ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਪ੍ਰੋਜੈਟਰ ਹੈਡ ਹੈਰੀ ਬਰਾੜ ਅਤੇ ਨਿਰਦੇਸ਼ਕ ਸੰਨੀ ਬਿਨਿੰਗ ਹਨ, ਜਦ ਕਿ ਕੈਮਰਾਮੈਨ ਦੇ ਤੌਰ 'ਤੇ ਜਿੰਮੇਵਾਰੀ ਸੋਨੀ ਸਿੰਘ ਦੁਆਰਾ ਸੰਭਾਲੀ ਗਈ ਹੈ।
ਪੰਜਾਬ ਦੇ ਦੁਆਬੇ ਖਿੱਤੇ ਅਧੀਨ ਆਉਂਦੇ ਫਗਵਾੜਾ ਲਾਗਲੇ ਪਿੰਡ ਦੁਸਾਂਝ ਕਲਾ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦੇ ਪੋਸਟ ਪ੍ਰੋਡੋਕਸ਼ਨ ਕਾਰਜ ਮੁੰਬਈ ਵਿੱਚ ਸ਼ੁਰੂ ਕਰ ਦਿੱਤੇ ਗਏ ਹਨ, ਜਿੰਨ੍ਹਾਂ ਨੂੰ ਤੇਜੀ ਨਾਲ ਸੰਪੂਰਨਤਾ ਦੇ ਰਹੇ ਪੇਸ਼ਕਰਤਾ ਹੈਰੀ ਬਰਾੜ ਅਨੁਸਾਰ ਬਾਲੀਵੁੱਡ ਦੇ ਬਿਹਤਰੀਨ ਤਕਨੀਕੀ ਲੋਕ ਇਸ ਫਿਲਮ ਨਾਲ ਜੁੜ ਰਹੇ ਹਨ, ਜਿੰਨ੍ਹਾਂ ਦੀ ਸੁਚੱਜੀ ਰਹਿਨੁਮਾਈ ਹੇਠ ਇਸ ਅੰਤਲੇ ਪੜਾਅ ਨੂੰ ਹਿੰਦੀ ਸਿਨੇਮਾ ਸਟਾਰ ਅਜੇ ਦੇਵਗਨ ਦੇ ਸਟੂਡਿਓ ਅਤੇ ਇੱਥੋਂ ਦੇ ਹੀ ਇੱਕ ਹੋਰ ਵੱਕਾਰੀ ਆਫਟਰ ਪਲੇ ਸਟੂਡੀਓਜ਼ ਵਿੱਚ ਜ਼ੋਰਾਂ ਸ਼ੋਰਾਂ ਨਾਲ ਮੁਕੰਮਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪੰਜਾਬੀ ਦੇ ਨਾਲ-ਨਾਲ ਫਿਲਮ ਨੂੰ ਹਿੰਦੀ ਵਿੱਚ ਵੀ ਡੱਬ ਕੀਤਾ ਜਾ ਰਿਹਾ ਹੈ ਤਾਂ ਕਿ ਪੰਜਾਬੀ ਸਿਨੇਮਾ ਦੇ ਦਾਇਰੇ ਨੂੰ ਹੋਰ ਵਿਸ਼ਾਲਤਾ ਦਿੱਤੀ ਜਾ ਸਕੇ। ਉਨ੍ਹਾਂ ਕਿਹਾ ਕਿ ਹਿੰਦੀ ਅਤੇ ਪੰਜਾਬੀ ਦੇ ਮੰਨੇ ਪ੍ਰਮੰਨੇ ਸਿਤਾਰਿਆਂ ਦੀ ਇਹ ਫਿਲਮ ਮੇਨ ਸਟਰੀਮ ਸਿਨੇਮਾ ਤੋਂ ਬਿਲਕੁੱਲ ਅਲੱਗ ਹੱਟ ਕੇ ਬਣਾਈ ਗਈ ਹੈ, ਜੋ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕਰੇਗੀ।
ਪਰਿਵਾਰਿਕ-ਡਰਾਮਾ ਅਤੇ ਇਮੋਸ਼ਨਲ ਕਹਾਣੀ ਇਰਦ ਗਿਰਦ ਬੁਣੀ ਗਈ ਇਸ ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਪੂਨਮ ਢਿੱਲੋਂ, ਰਾਜ ਸੰਧੂ, ਗੁੱਗੂ ਗਿੱਲ, ਸਰਬਜੀਤ ਚੀਮਾ, ਗੁਰਸ਼ਰਨ ਮਾਨ, ਅਸ਼ੋਕ ਟਾਂਗਰੀ ਆਦਿ ਸ਼ੁਮਾਰ ਹਨ, ਜਿੰਨ੍ਹਾਂ ਤੋਂ ਇਲਾਵਾ ਫਿਲਮ ਨੂੰ ਚਾਰ ਚੰਨ ਲਾਉਣ ਵਿੱਚ ਇਸ ਦੇ ਉਮਦਾ ਗੀਤ-ਸੰਗੀਤ ਪੱਖ ਦੀ ਵੀ ਭੂਮਿਕਾ ਰਹੇਗੀ, ਜਿਸ ਨੂੰ ਜੈਦੇਵ ਕੁਮਾਰ ਵੱਲੋਂ ਬਿਹਤਰੀਨ ਸੰਗੀਤਕ ਸਾਂਚੇ ਵਿੱਚ ਢਾਲਿਆ ਜਾ ਰਿਹਾ ਹੈ, ਜਿੰਨ੍ਹਾਂ ਵੱਲੋਂ ਸੰਗੀਤਬੱਧ ਕੀਤੇ ਜਾ ਰਹੇ ਸਦਾ ਬਹਾਰ ਗੀਤਾਂ ਨੂੰ ਫਿਰੋਜ਼ ਖਾਨ ਸਮੇਤ ਕਈ ਨਾਮੀ ਗਾਇਕ ਪਿੱਠਵਰਤੀ ਆਵਾਜ਼ਾਂ ਦੇ ਰਹੇ ਹਨ।
ਇਸ ਵਰ੍ਹੇ ਦੀ ਪਹਿਲੀ ਬਹੁ-ਭਾਸ਼ਾਈ ਫਿਲਮ ਦੇ ਰੂਪ ਵਿੱਚ ਸਾਹਮਣੇ ਲਿਆਂਦੇ ਉਕਤ ਪੰਜਾਬੀ ਫਿਲਮ ਦੇ ਕੁਝ ਅਹਿਮ ਹਿੱਸੇ ਦਾ ਫਿਲਮਾਂਕਣ ਹਿਮਾਚਲ ਪ੍ਰਦੇਸ਼ ਦੇ ਕੁੱਲੂ ਮਨਾਲੀ ਵਿਖੇ ਵੀ ਕੀਤਾ ਗਿਆ ਹੈ।