ਚੰਡੀਗੜ੍ਹ: 'ਜੱਟ ਐਂਡ ਜੂਲੀਅਟ 3' ਦੀ ਅਪਾਰ ਸਫਲਤਾ ਨੇ ਪੰਜਾਬੀ ਸਿਨੇਮਾ ਦੇ ਖਿੱਤੇ 'ਚ ਨਵੀਆਂ ਫਿਲਮਾਂ ਦੀ ਹਨ੍ਹੇਰੀ ਲਿਆ ਦਿੱਤੀ ਹੈ, ਜਿਸ ਦੇ ਮੱਦੇਨਜ਼ਰ ਸ਼ੁਰੂ ਹੋਈ ਨਵੀਂ ਪੰਜਾਬੀ ਫਿਲਮ 'ਮੇਰਾ ਕਾਲੇ ਰੰਗ ਦਾ ਯਾਰ', ਜਿਸ ਦਾ ਨਿਰਦੇਸ਼ਨ ਹਰਜੋਤ ਸਿੰਘ ਵੱਲੋਂ ਕੀਤਾ ਜਾਵੇਗਾ, ਜੋ ਇਸ ਫਿਲਮ ਨਾਲ ਬਤੌਰ ਨਿਰਦੇਸ਼ਕ ਇੱਕ ਨਵੀਂ ਸਿਨੇਮਾ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।
'ਫਿਲਮੀ ਲੋਕ' ਅਤੇ 'ਐਸਐਂਡਐਚ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਕਾਮੇਡੀ ਡ੍ਰਾਮੈਟਿਕ ਫਿਲਮ ਦਾ ਲੇਖਨ ਸੁਰਿੰਦਰ ਅੰਗੁਰਾਲ ਕਰਨਗੇ, ਜੋ ਹਾਲ ਹੀ ਵਿੱਚ ਰਿਲੀਜ਼ ਹੋਈਆਂ ਕਈ ਚਰਚਿਤ ਪੰਜਾਬੀ ਫਿਲਮਾਂ ਨਾਲ ਲੇਖਕ ਦੇ ਤੌਰ ਉਤੇ ਜੁੜੇ ਰਹੇ ਹਨ, ਜਿੰਨ੍ਹਾਂ ਵਿੱਚ 'ਚੱਲ ਭੱਜ ਚੱਲੀਏ', 'ਬਿਊਟੀਫੁੱਲ ਬਿੱਲੋ' ਆਦਿ ਸ਼ੁਮਾਰ ਰਹੀਆਂ ਹਨ।
ਜਲਦ ਸੈੱਟ ਉਤੇ ਜਾ ਰਹੀ ਇਸ ਫਿਲਮ ਦੁਆਰਾ ਦੋ ਨਵੇਂ ਚਿਹਰੇ ਹਰਸਿਮਰਨ ਅਤੇ ਨਾਇਕਰਾ ਕੌਰ ਪਾਲੀਵੁੱਡ ਦਾ ਸ਼ਾਨਦਾਰ ਹਿੱਸਾ ਬਣਨ ਜਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਸੁਖਵਿੰਦਰ ਚਾਹਲ, ਇਫਤਖਾਰ ਠਾਕੁਰ, ਨਵ ਲਹਿਲ, ਜਸ਼ਨਦੀਪ ਗੋਸ਼ਾ, ਸੁੱਖੀ ਬਲ ਵੀ ਇਸ ਫਿਲਮ ਵਿੱਚ ਮਹੱਤਵਪੂਰਨ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਆਸਟ੍ਰੇਲੀਆਂ ਦੀਆਂ ਸੰਭਾਵਿਤ ਅਤੇ ਮਨਮੋਹਕ ਲੋਕੇਸ਼ਨਜ਼ ਉਤੇ ਸ਼ੂਟ ਕੀਤੀ ਜਾਣ ਵਾਲੀ ਇਸ ਖੂਬਸੂਰਤ ਕਹਾਣੀ ਅਧਾਰਿਤ ਫਿਲਮ ਦੇ ਨਿਰਮਾਤਾ ਹਰਮੀਤ ਆਨੰਦ, ਸਹਿ ਨਿਰਮਾਤਾ ਮੋਹਨ ਬੀਰ ਬੱਲ, ਕਰਨ ਵਾਲੀਆ ਅਤੇ ਅੰਮ੍ਰਿਤ ਖਿੰਦਾ ਹਨ। ਸਟਾਰਟ-ਟੂ-ਫਿਨਿਸ਼ ਸ਼ੂਟਿੰਗ ਸ਼ੈਡਿਊਲ ਅਧੀਨ ਮੁਕੰਮਲ ਕੀਤੀ ਜਾਣ ਵਾਲੀ ਇਸ ਫਿਲਮ ਨੂੰ 14 ਮਾਰਚ 2025 ਨੂੰ ਵਰਲਡ-ਵਾਈਡ ਰਿਲੀਜ਼ ਕੀਤਾ ਜਾਵੇਗਾ।
ਓਧਰ ਜੇਕਰ ਇਸ ਫਿਲਮ ਨਾਲ ਜੁੜੇ ਕੁਝ ਖਾਸ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਅਦਾਕਾਰਾ ਨਾਇਕਰਾ ਕੌਰ ਇਸ ਦਾ ਖਾਸ ਆਕਰਸ਼ਨ ਹੋਵੇਗੀ, ਜੋ ਹਾਲੀਆ ਸਮੇਂ ਰਿਲੀਜ਼ ਹੋਈ 'ਮੋੜ: ਲਹਿੰਦੀ ਰੁੱਤ ਦੇ ਨਾਇਕ' ਤੋਂ ਇਲਾਵਾ ਕਈ ਵੱਡੇ ਅਤੇ ਚਰਚਿਤ ਮਿਊਜ਼ਿਕ ਵੀਡੀਓ ਵਿੱਚ ਆਪਣੀ ਸ਼ਾਨਦਾਰ ਪ੍ਰੋਫਾਰਮੈੱਸ ਦਾ ਲੋਹਾ ਮੰਨਵਾ ਚੁੱਕੀ ਹੈ ਅਤੇ ਅੱਜਕੱਲ੍ਹ ਪਾਲੀਵੁੱਡ ਵਿੱਚ ਇੱਕ ਚਰਚਿਤ ਮਾਡਲ ਵਜੋਂ ਤੇਜ਼ੀ ਨਾਲ ਉਭਰ ਰਹੀ ਹੈ।