ਚੰਡੀਗੜ੍ਹ: ਪੰਜਾਬੀ ਗੀਤ, ਪੰਜਾਬੀ ਅਦਾਕਾਰ ਅਤੇ ਪੰਜਾਬੀ ਸੱਭਿਆਚਾਰ ਇਸ ਸਮੇਂ ਪੂਰੀ ਦੁਨੀਆਂ ਵਿੱਚ ਪ੍ਰਸਿੱਧ ਹੋ ਗਿਆ ਹੈ, ਇਸ ਦਾ ਤਾਜ਼ਾ ਸਬੂਤ ਪੰਜਾਬੀ ਅਦਾਕਾਰਾ ਸੋਨਮ ਬਾਜਵਾ ਦੁਆਰਾ ਸਾਂਝੀ ਕੀਤੀ ਵੀਡੀਓ ਹੈ, ਜੀ ਹਾਂ...ਤੁਸੀਂ ਸਹੀ ਪੜ੍ਹਿਆ ਹੈ, ਹਾਲ ਹੀ ਵਿੱਚ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਇੱਕ ਵਾਰ ਫਿਰ ਬਾਲੀਵੁੱਡ ਅਦਾਕਾਰਾਂ ਨੱਚਦੀਆਂ ਨਜ਼ਰ ਆ ਰਹੀਆਂ ਹਨ। ਪਰ ਇਸ ਵਾਰ ਉਹ ਸਾਧਾਰਨ ਡਾਂਸ ਨਹੀਂ ਬਲਕਿ ਪੰਜਾਬੀ ਸੱਭਿਆਚਾਰ ਦਾ ਨਾਚ ਗਿੱਧਾ ਪਾਉਂਦੀਆਂ ਨਜ਼ਰੀ ਪੈ ਰਹੀਆਂ ਹਨ।
ਕੌਣ ਨੇ ਇਹ ਅਦਾਕਾਰਾਂ
ਦਰਅਸਲ, ਸੋਨਮ ਬਾਜਵਾ ਇਸ ਸਮੇਂ ਆਪਣੀ ਪਹਿਲੀ ਬਾਲੀਵੁੱਡ ਫਿਲਮ 'ਹਾਊਸਫੁੱਲ 5' ਦੀ ਸ਼ੂਟਿੰਗ ਵਿੱਚ ਰੁੱਝੀ ਹੋਈ ਹੈ ਅਤੇ ਇਸ ਦੌਰਾਨ ਉਹ ਕਈ ਵੱਡੇ ਕਲਾਕਾਰਾਂ ਨਾਲ ਨਜ਼ਰ ਆਵੇਗੀ, ਇਸ ਫਿਲਮ ਦੀਆਂ ਦੋ ਹੋਰ ਅਦਾਕਾਰਾਂ ਜੈਕਲਿਨ ਫਰਨਾਂਡਿਜ਼ ਅਤੇ ਨਰਗਿਸ ਫਾਖਰੀ ਹੁਣ ਪੰਜਾਬੀ ਬੋਲੀ ਉਤੇ ਗਿੱਧਾ ਪਾਉਂਦੀਆਂ ਨਜ਼ਰ ਆ ਰਹੀਆਂ ਹਨ ਅਤੇ ਕਾਫੀ ਜੋਸ਼ ਨਾਲ ਨੱਚਦੀਆਂ ਨਜ਼ਰੀ ਪੈ ਰਹੀਆਂ ਹਨ। ਇਹ ਇੱਕਲੀਆਂ ਹੀ ਨਹੀਂ ਸਗੋਂ ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਸੋਨਮ ਬਾਜਵਾ ਵੀ ਇੰਨ੍ਹਾਂ ਨਾਲ ਠੁਮਕੇ ਲਾਉਂਦੀ ਨਜ਼ਰੀ ਪੈ ਰਹੀ ਹੈ। ਇਸ ਤੋਂ ਪਹਿਲਾਂ ਵੀ ਸੁੰਦਰੀ ਨੇ ਇੱਕ ਪੰਜਾਬੀ ਗੀਤ ਉਤੇ ਸ਼ਾਨਦਾਰ ਵੀਡੀਓ ਸਾਂਝੀ ਕੀਤੀ ਸੀ।