ਮੁੰਬਈ: ਸ਼ਾਹਰੁਖ ਖਾਨ ਦੀ ਫਿਲਮ 'ਜੋਸ਼' ਅਤੇ ਗੋਵਿੰਦਾ ਸਟਾਰਰ ਫਿਲਮ 'ਕਿਉਂਕੀ ਮੈਂ ਝੂਠ ਨਹੀਂ ਬੋਲਤਾ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਅਦਾਕਾਰ ਸ਼ਰਦ ਕਪੂਰ ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਪੁਲਿਸ ਨੇ ਸ਼ਰਦ ਕਪੂਰ ਖਿਲਾਫ਼ ਯੌਨ ਸ਼ੋਸ਼ਣ ਦੇ ਇਲਜ਼ਾਮ 'ਚ ਮਾਮਲਾ ਦਰਜ ਕੀਤਾ ਹੈ। ਇੱਕ 32 ਸਾਲਾਂ ਔਰਤ ਨੇ ਸ਼ਰਦ ਕਪੂਰ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ।
ਮਹਿਲਾ ਨੇ ਅਦਾਕਾਰ ਦੇ ਖਿਲਾਫ਼ ਖਾਰ ਥਾਣੇ 'ਚ ਸ਼ਿਕਾਇਤ ਕੀਤੀ ਸੀ। ਇਸ ਦੌਰਾਨ ਮਹਿਲਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਅਦਾਕਾਰ ਸ਼ਰਦ ਕਪੂਰ ਦੇ ਖਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੀੜਤ ਔਰਤ ਦਾ ਇਲਜ਼ਾਮ ਹੈ ਕਿ ਸ਼ਰਦ ਕਪੂਰ ਨੇ ਉਸ ਨੂੰ ਆਪਣੇ ਘਰ ਬੁਲਾਇਆ ਅਤੇ ਉਸ ਨਾਲ ਦੁਰਵਿਵਹਾਰ ਕੀਤਾ। ਔਰਤ ਨੇ ਦੱਸਿਆ ਕਿ ਅਦਾਕਾਰ ਨੇ ਉਸ ਨੂੰ ਗਲਤ ਤਰੀਕੇ ਨਾਲ ਛੂਹਿਆ। ਔਰਤ ਨੇ ਦੱਸਿਆ ਕਿ ਉਹ ਫੇਸਬੁੱਕ ਰਾਹੀਂ ਸ਼ਰਦ ਕਪੂਰ ਨਾਲ ਜੁੜੀ ਸੀ। ਫਿਰ ਹੌਲੀ-ਹੌਲੀ ਉਹ ਵੀਡੀਓ ਕਾਲ 'ਤੇ ਗੱਲ ਕਰਨ ਲੱਗੇ। ਔਰਤ ਨੇ ਦੱਸਿਆ ਕਿ ਇਸ ਤੋਂ ਬਾਅਦ ਅਦਾਕਾਰ ਨੇ ਸ਼ੂਟਿੰਗ ਬਾਰੇ ਗੱਲ ਕਰਨ ਦੇ ਬਹਾਨੇ ਉਸ ਨੂੰ ਮੀਟਿੰਗ ਲਈ ਬੁਲਾਇਆ। ਅਦਾਕਾਰ ਨੇ ਪੀੜਤ ਔਰਤ ਨੂੰ ਲੋਕੇਸ਼ਨ ਭੇਜ ਕੇ ਖਾਰ ਦਫ਼ਤਰ ਬੁਲਾਇਆ।