ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਉਦਯੋਗ ਵਿੱਚ ਚਰਚਿਤ ਅਤੇ ਵੱਡੇ ਨਾਂਅ ਵਜੋਂ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੀ ਹੈ ਮਾਡਲ ਅਤੇ ਅਦਾਕਾਰਾ ਮਾਹੀ ਸ਼ਰਮਾ, ਜੋ ਜਲਦ ਹੀ ਸਾਹਮਣੇ ਆਉਣ ਜਾ ਰਹੇ ਅਪਣੇ ਇੱਕ ਹੋਰ ਮਨਮੋਹਕ ਮਿਊਜ਼ਿਕ ਵੀਡੀਓ 'ਮੁਬਾਰਕਾਂ' ਵਿੱਚ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੀ ਹੈ, ਜਿੰਨ੍ਹਾਂ ਦੀ ਬਿਹਤਰੀਨ ਫੀਚਰਿੰਗ ਦਾ ਇਜ਼ਹਾਰ ਕਰਵਾਉਂਦਾ ਇਹ ਗਾਣਾ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਜਾਰੀ ਕੀਤਾ ਜਾਵੇਗਾ।
"ਯੂ ਐਂਡ ਆਈ ਮਿਊਜ਼ਿਕ" ਦੇ ਲੇਬਲ ਅਧੀਨ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਉਕਤ ਸੰਗੀਤਕ ਵੀਡੀਓ ਸੰਬੰਧਤ ਗਾਣੇ ਨੂੰ ਅਵਾਜ਼ ਬੈਨੇਟ ਦੁਸਾਂਝ ਨੇ ਦਿੱਤੀ ਹੈ, ਜਦਕਿ ਸੰਗੀਤ ਸੰਯੋਜਨ ਦੀ ਜ਼ਿੰਮੇਵਾਰੀ ਸ਼ੋਨ ਵੱਲੋਂ ਅੰਜ਼ਾਮ ਦਿੱਤੀ ਗਈ ਹੈ।
ਪਿਆਰ ਅਤੇ ਸਨੇਹ ਭਰੇ ਨੌਜਵਾਨੀ ਵਲਵਲਿਆਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਦੇ ਬੋਲ ਮੌਂਟੀ ਅੱਕਾਂਵਾਲੀ ਨੇ ਰਚੇ ਹਨ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਬਹੁਤ ਹੀ ਖੂਬਸੂਰਤ ਸੰਗੀਤਕ ਸੁਮੇਲਤਾ ਅਧੀਨ ਬੁਣੇ ਗਏ ਇਸ ਗਾਣੇ ਨੂੰ ਵੈਲੇਨਟਾਈਨ ਹਫ਼ਤੇ ਦੇ ਸਭ ਤੋਂ ਵੱਡੇ ਉਦਾਸ ਰੁਮਾਂਟਿਕ ਗੀਤ ਦੇ ਰੂਪ ਵਿੱਚ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜੋ ਸੁਣਨ ਅਤੇ ਵੇਖਣ ਵਾਲਿਆਂ ਨੂੰ ਤਰੋ-ਤਾਜ਼ਗੀ ਭਰੇ ਸੰਗੀਤ ਰੋਂਅ ਦਾ ਵੀ ਅਹਿਸਾਸ ਕਰਵਾਏਗਾ।