Baghi Di Dhee:ਭਾਰਤੀ ਸਿਨੇਮਾ ਦੇ ਵਿੱਚ ਸਭ ਤੋਂ ਵੱਕਾਰੀ ਪੁਰਸਕਾਰਾਂ ਵਿੱਚ ਮੰਨੇ ਜਾਂਦੇ 70ਵੇਂ ਰਾਸ਼ਟਰੀ ਫਿਲਮ ਐਵਾਰਡਾਂ ਵਿੱਚ ਇਸ ਵਾਰ ਪੰਜਾਬੀ ਫਿਲਮ 'ਬਾਗ਼ੀ ਦੀ ਧੀ' ਨੇ ਵੀ ਅਪਣੀ ਸ਼ਾਨਦਾਰ ਉਪ ਸਥਿਤੀ ਦਰਜ ਕਰਵਾ ਲਈ ਹੈ, ਜਿਸ ਨੇ ਸਰਵੋਤਮ ਪੰਜਾਬੀ ਫਿਲਮ ਹੋਣ ਦਾ ਖਿਤਾਬ ਅਪਣੀ ਝੋਲੀ ਪਾਉਣ ਦਾ ਮਾਣ ਹਾਸਿਲ ਕਰ ਲਿਆ ਹੈ।
ਦੁਨੀਆ ਭਰ ਵਿੱਚ ਗਲੋਬਲੀ ਅਧਾਰ ਕਾਇਮ ਕਰ ਰਹੀਆਂ ਪੰਜਾਬੀ ਫਿਲਮਾਂ ਨੂੰ ਹੋਰ ਨਵੇਂ ਅਯਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਇਹ ਅਰਥ ਭਰਪੂਰ ਫਿਲਮ, ਜਿਸ ਦਾ ਨਿਰਦੇਸ਼ਨ ਉੱਘੇ ਫਿਲਮਕਾਰ ਮੁਕੇਸ਼ ਗੌਤਮ ਵੱਲੋਂ ਕੀਤਾ ਗਿਆ ਸੀ, ਜਿੰਨ੍ਹਾਂ ਦੀ ਬਿਹਤਰੀਨ ਨਿਰਦੇਸ਼ਨ ਸਮਰੱਥਾ ਦਾ ਇਜ਼ਹਾਰ ਕਰਵਾਉਂਦੀ ਇਸ ਫਿਲਮ ਵਿੱਚ ਕਈ ਮੰਝੇ ਹੋਏ ਕਲਾਕਾਰਾਂ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਸਨ।
ਕੀ ਹੈ ਫਿਲਮ ਦੀ ਪੂਰੀ ਕਹਾਣੀ: ਪੀਟੀਸੀ ਪੰਜਾਬੀ ਉਪਰ ਆਨ ਸਟ੍ਰੀਮ ਹੋਈ ਇਸ ਪੰਜਾਬੀ ਫਿਲਮ ਦੀ ਕਹਾਣੀ ਭਾਰਤੀ ਸੁਤੰਤਰਤਾ ਸੰਗਰਾਮ ਦੌਰਾਨ ਗ਼ਦਰ ਲਹਿਰ ਦੀ ਪਿੱਠਭੂਮੀ 'ਤੇ ਆਧਾਰਿਤ ਰਹੀ, ਜੋ ਅਜ਼ਾਦੀ ਸੰਗਰਾਮ ਵਿੱਚ ਜੀਅ-ਜਾਨ ਨਾਲ ਅਪਣੀ ਸੂਰਵੀਰਤਾ ਦਾ ਅਹਿਸਾਸ ਕਰਵਾ ਰਹੇ ਇੱਕ ਬਾਗ਼ੀ ਦੀ ਦਲੇਰ ਛੋਟੀ ਧੀ ਦੁਆਲੇ ਬੁਣੀ ਗਈ ਹੈ, ਜਿਸ ਦੀ ਦਿਲਟੁੰਬਵੀਂ ਗਾਥਾ ਅਤੇ ਮਿਸਾਲੀ ਸਾਹਸ ਪ੍ਰਦਰਸ਼ਨ ਨੇ ਹਰ ਦਰਸ਼ਕ ਦੇ ਮਨ ਨੂੰ ਝੰਜੋੜ ਦਿੱਤਾ।
ਪੰਜਾਬੀ ਸਾਹਿਤ ਅਤੇ ਸਿਨੇਮਾ ਵਿੱਚ ਵਿਲੱਖਣ ਪਹਿਚਾਣ ਰੱਖਦੇ ਗੁਰਮੁੱਖ ਸਿੰਘ ਮੁਸਾਫ਼ਿਰ ਅਤੇ ਪਾਲੀ ਭੁਪਿੰਦਰ ਸਿੰਘ ਵੱਲੋਂ ਲਿਖੀ ਗਈ ਅਤੇ ਦੇਸ਼ ਭਗਤੀ ਭਰੇ ਜਜ਼ਬੇ ਨਾਲ ਭਰਪੂਰ ਉਕਤ ਭਾਵਨਾਤਮਕ ਫਿਲਮ ਵਿੱਚ ਦਿਲਨੂਰ ਕੌਰ, ਵਿਕਰਮ ਚੌਹਾਨ, ਗੁਰਪ੍ਰੀਤ ਭੰਗੂ, ਕੁਲਜਿੰਦਰ ਸਿੱਧੂ, ਦਿਲਰਾਜ ਉਦੈ, ਗੈਰੀ ਟੈਨਟੌਨੀ, ਨਰਜੀਤ ਸਿੰਘ, ਨਰਿੰਦਰ ਨੀਨਾ ਵੱਲੋਂ ਲੀਡਿੰਗ ਕਿਰਦਾਰ ਅਦਾ ਕੀਤੇ ਗਏ।
ਹੁਣ ਤੱਕ ਕਿਹੜੀਆਂ ਪੰਜਾਬੀ ਫਿਲਮਾਂ ਨੂੰ ਮਿਲ ਚੁੱਕਿਆ ਨੈਸ਼ਨਲ ਐਵਾਰਡ: ਪਾਲੀਵੁੱਡ ਦੀਆਂ ਨੈਸ਼ਨਲ ਐਵਾਰਡ ਹਾਸਲ ਕਰਨ ਵਾਲੀਆਂ ਫਿਲਮਾਂ 'ਮੜ੍ਹੀ ਦਾ ਦੀਵਾ', 'ਨਾਨਕ ਨਾਮ ਜਹਾਜ਼ ਹੈ', 'ਚੰਨ ਪ੍ਰਦੇਸੀ', 'ਅੰਨੇ ਘੋੜੇ ਦਾ ਦਾਨ', 'ਦੇਸ ਹੋਇਆ ਪ੍ਰਦੇਸ਼, 'ਹਰਜੀਤਾ' ਵਿੱਚ ਅਪਣੀ ਪ੍ਰਭਾਵੀ ਮੌਜੂਦਗੀ ਦਰਜ ਕਰਵਾਉਣ ਵਾਲੀ ਉਕਤ ਪੰਜਾਬੀ ਫਿਲਮ ਨੇ ਅਜ਼ੀਮ ਫਿਲਮਕਾਰ ਮੁਕੇਸ਼ ਗੌਤਮ ਦੇ ਕਰੀਅਰ ਨੂੰ ਇੱਕ ਹੋਰ ਨਵੀਂ ਗਤੀ ਦੇ ਦਿੱਤੀ ਹੈ, ਜਿੰਨ੍ਹਾਂ ਦੇ ਹੁਣ ਤੱਕ ਦੇ ਕਰੀਅਰ ਵਿੱਚ ਨੈਸ਼ਨਲ ਐਵਾਰਡ ਦੀ ਹੱਕਦਾਰ ਬਣੀ ਇਹ ਉਨ੍ਹਾਂ ਦੀ ਪਹਿਲੀ ਫਿਲਮ ਹੈ, ਹਾਲਾਂਕਿ ਇਸ ਤੋਂ ਇਲਾਵਾ ਵੀ ਉਹ ਕਈ ਚਰਚਿਤ ਅਤੇ ਆਫ-ਬੀਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।