ਬਠਿੰਡਾ : ਆਏ ਦਿਨ ਸੂਬੇ 'ਚ ਗੋਲੀਬਾਰੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਬਠਿੰਡਾ ਦੇ ਕਸਬਾ ਭਗਤਾ ਭਾਈ ਕਾ ਤੋਂ ਸਾਹਮਣੇ ਆਇਆ ਹੈ। ਜਿਥੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਥਾਨਕ ਨਿੱਜੀ ਅਖ਼ਬਾਰ ਦੇ ਪੱਤਰਕਾਰ ਰਾਜੀਵ ਗੋਇਲ ਉੱਤੇ ਕੁਝ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ। ਗੋਲੀਬਾਰੀ ਦੌਰਾਨ ਰਾਜੀਵ ਗੋਇਲ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਭਗਤਾ ਭਾਈਕਾ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜ਼ਖ਼ਮੀ ਹੀ ਹਾਲਤ ਜਿਆਦਾ ਵਿਗੜੀ ਵੇਖ ਉਸਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ।
ਪੁਰਾਣੀ ਰੰਜਿਸ਼ ਕਾਰਨ ਕੀਤਾ ਹਮਲਾ
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਜ਼ਖਮੀ ਪੱਤਰਕਾਰ ਰਾਜੀਵ ਗੋਇਲ ਨੇ ਦੱਸਿਆ ਕਿ ਜਿਸ ਵੇਲੇ ਉਹ ਭਗਤਾ ਭਾਈਕਾ ਚੌਂਕ ਵਿੱਚ ਆਪਣੇ ਇੱਕ ਦੋਸਤ ਨਾਲ ਖੜ੍ਹਾ ਸੀ ਤਾਂ ਇਸ ਦੌਰਾਨ ਤਿੰਨ ਵਿਅਕਤੀਆਂ ਨੇ ਉਸ ਦਾ ਅਸਲਾ ਖੋਹ ਕੇ ਉਸ ਉੱਪਰ ਹੀ ਗੋਲੀ ਚਲਾ ਦਿੱਤੀ। ਪੀੜਤ ਰਾਜੀਵ ਗੋਇਲ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਤਿੰਨੇ ਵਿਅਕਤੀਆਂ ਨਾਲ ਉਸ ਦੀ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ। ਇਸ ਸਬੰਧੀ ਉਸ ਵੱਲੋਂ ਕਈ ਵਾਰ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਗਈ ਸੀ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਜਿਸ ਦੇ ਚੱਲਦਿਆਂ ਅੱਜ ਇਹ ਘਟਨਾ ਵਾਪਰ ਗਈ ਹੈ।
ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ 'ਤੇ ਪੁੱਜੇ ਐੱਸਪੀ ਸਿਟੀ ਬਠਿੰਡਾ, ਨਰਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖਮੀ ਦੇ ਬਿਆਨਾਂ ਦੇ ਅਧਾਰ ਉੱਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਰਾਜੀਵ ਗੋਇਲ ਦਾ ਇਥੋਂ ਦੇ ਹੀ ਕੁਝ ਲੋਕਾਂ ਨਾਲ ਝਗੜਾ ਚੱਲ ਰਿਹਾ ਹੈ, ਜਿਸ ਕਾਰਨ ਇਹ ਹਮਲਾ ਹੋਇਆ ਹੈ। ਪੁਲਿਸ ਮੁਲਜ਼ਮਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਵੇਗੀ।