ਚੰਡੀਗੜ੍ਹ:ਸੂਫੀਆਨਾ ਗਾਇਕੀ ਨੂੰ ਪ੍ਰਮੁੱਖਤਾ ਦੇਣ ਵਾਲੇ ਮੋਹਰੀ ਕਤਾਰ ਗਾਇਕਾਂ ਵਿੱਚ ਆਪਣਾ ਸ਼ੁਮਾਰ ਕਰਵਾਉਂਦੇ ਹਨ ਗਾਇਕ ਲਖਵਿੰਦਰ ਵਡਾਲੀ, ਜੋ ਪੁਰਾਤਨ ਰੰਗਾਂ ਵਿੱਚ ਰੰਗਿਆ ਆਪਣਾ ਨਵਾਂ ਗਾਣਾ 'ਕੱਲ੍ਹ ਕੀ ਬਾਤ' ਲੈ ਕੇ ਆਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਕੀਤਾ ਜਾ ਰਿਹਾ ਹੈ।
ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਅਤੇ ਸਦਾ ਬਹਾਰ ਸੰਗੀਤਕ ਸਾਂਚੇ ਅਧੀਨ ਢਾਲੇ ਗਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਜੇਸੀ ਧਨੋਆ ਵੱਲੋਂ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾਂ ਬੇਸ਼ੁਮਾਰ ਮਕਬੂਲ ਗਾਣਿਆਂ ਦੇ ਸੰਗੀਤਕ ਵੀਡੀਓ ਨਿਰਦੇਸ਼ਨ ਕਰ ਚੁੱਕੇ ਹਨ।
ਬਿੱਗ ਸੈਟਅੱਪ ਅਧੀਨ ਫਿਲਮਾਏ ਗਏ ਇਸ ਗਾਣੇ ਨੂੰ ਚਾਰ ਚੰਨ ਲਾਉਣ ਵਿੱਚ ਮਾਡਲ-ਅਦਾਕਾਰਾ ਕਜਾਤੀ ਕਰਮਨ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਪਾਲੀਵੁੱਡ ਗਲਿਆਰਿਆਂ ਵਿੱਚ ਚਰਚਿਤ ਨਾਂਅ ਵਜੋਂ ਤੇਜੀ ਨਾਲ ਉਭਰਦੀ ਜਾ ਰਹੀ ਹੈ।
ਦੇਸ਼-ਵਿਦੇਸ਼ ਵਿੱਚ ਆਪਣੀ ਬਾਕਮਾਲ ਗਾਇਕੀ ਦਾ ਲੋਹਾ ਮੰਨਵਾ ਰਹੇ ਗਾਇਕ ਲਖਵਿੰਦਰ ਵਡਾਲੀ ਇੰਨੀਂ ਦਿਨੀਂ ਸਟੇਜ ਸ਼ੋਅ ਦੀ ਦੁਨੀਆਂ ਵਿੱਚ ਵੀ ਬਰਾਬਰਤਾ ਨਾਲ ਅਪਣੀ ਮੌਜ਼ੂਦਗੀ ਦਾ ਇਜ਼ਹਾਰ ਕਰਵਾ ਰਹੇ ਹਨ, ਜਿੰਨ੍ਹਾਂ ਦੇ ਕੰਸਰਟ ਦੀ ਮੰਗ ਵਿਦੇਸ਼ੀ ਖਿੱਤਿਆਂ ਵਿੱਚ ਲਗਾਤਾਰ ਵੱਧਦੀ ਜਾ ਰਹੀ ਹੈ।
ਹਾਲ ਵਿੱਚ ਆਪਣੇ ਰਿਲੀਜ਼ ਹੋਏ ਅਤੇ ਅਪਾਰ ਮਕਬੂਲੀਅਤ ਹਾਸਿਲ ਕਰ ਰਹੇ ਗੀਤ 'ਰੰਗਰੇਜ਼' ਨੂੰ ਲੈ ਕੇ ਵੀ ਖਾਸੀ ਚਰਚਾ ਅਤੇ ਸਲਾਹੁਤਾ ਇੰਨੀਂ ਦਿਨੀਂ ਬਟੋਰ ਰਹੇ ਹਨ ਇਹ ਬਾਕਮਾਲ ਗਾਇਕ ਜਿੰਨ੍ਹਾਂ ਦੇ ਬਿਹਤਰੀਨ ਗੀਤਾਂ ਵਿੱਚ ਸ਼ੁਮਾਰ ਹੋ ਚੁੱਕੇ ਇਸ ਗੀਤ ਦੀ ਰਿਕਾਰਡਿੰਗ ਮੁੰਬਈ ਦੇ ਮਸ਼ਹੂਰ ਯਸ਼ਰਾਜ ਸਟੂਡੀਓ ਵਿਖੇ ਕੀਤੀ ਗਈ ਹੈ।
ਪੰਜ ਮਿਲੀਅਨ ਵਿਊਅਰਸ਼ਿਪ ਦਾ ਅੰਕੜਾ ਪਾਰ ਕਰ ਚੁੱਕੇ ਉਕਤ ਗਾਣੇ ਨੂੰ ਲੈ ਕੇ ਮਿਲ ਰਹੀ ਲੋਕਪ੍ਰਿਯਤਾ ਨੂੰ ਲੈ ਕੇ ਗਾਇਕ ਲਖਵਿੰਦਰ ਵਡਾਲੀ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਆਗਾਮੀ ਯੋਜਨਾਵਾਂ ਸੰਬੰਧੀ ਚਰਚਾ ਕਰਦਿਆ ਦੱਸਿਆ ਕਿ ਰਿਲੀਜ਼ ਹੋਣ ਜਾ ਰਹੇ ਨਵੇਂ ਗਾਣੇ 'ਕੱਲ੍ਹ ਕੀ ਬਾਤ' ਤੋਂ ਬਾਅਦ ਬਾਲੀਵੁੱਡ ਦੇ ਕੁੱਝ ਨਾਮਵਰ ਅਤੇ ਮੰਝੇ ਹੋਏ ਮਿਊਜ਼ਿਕ ਡਾਇਰੈਕਟਰ ਨਾਲ ਵੀ ਸੰਗੀਤਕ ਸੁਮੇਲਤਾ ਕਾਇਮ ਕਰਨ ਜਾ ਰਹੇ ਹਨ, ਜਿਸ ਸੰਬੰਧੀ ਪੂਰਨ ਵੇਰਵਿਆਂ ਦਾ ਵਿਸਥਾਰਕ ਖੁਲਾਸਾ ਉਨ੍ਹਾਂ ਦੀ ਟੀਮ ਵੱਲੋਂ ਜਲਦ ਕੀਤਾ ਜਾਵੇਗਾ।