ਚੰਡੀਗੜ੍ਹ:ਸ਼ੋਸ਼ਲ ਮੀਡੀਆ ਉਤੇ ਲਗਾਤਾਰ ਚਰਚਾ ਦਾ ਵਿਸ਼ਾ ਬਣਦੀ ਆ ਰਹੀ ਹੈ ਕਾਮੇਡੀ ਸੀਰੀਜ਼ 'ਮਾਲਦਾਰ ਛੜਾ', ਜਿਸ ਵਿੱਚੋਂ ਨਿਕਲੇ ਕਈ ਕਿਰਦਾਰਾਂ ਨੇ ਅੱਜ ਪੰਜਾਬੀ ਮਨੋਰੰਜਨ ਉਦਯੋਗ ਵਿੱਚ ਚੌਖੀ ਭੱਲ ਸਥਾਪਿਤ ਕਰ ਲਈ ਹੈ, ਜਿੰਨ੍ਹਾਂ ਵਿੱਚੋਂ ਇੱਕ ਅਹਿਮ ਨਾਂਅ ਹੈ ਮਿਰਜ਼ਾਪੁਰ ਵਾਲਾ ਬੰਤ ਪ੍ਰਧਾਨ, ਜਿਸ ਦਾ ਰੋਲ ਅਦਾ ਕਰ ਰਹੇ ਮਲਵਈ ਨੌਜਵਾਨ ਬੰਤ ਨਾਮੋਲ ਨੇ ਅੱਜ ਚਾਰੇ ਪਾਸੇ ਆਪਣੀ ਬਹੁ ਪੱਖੀ ਕਾਬਲੀਅਤ ਦੀ ਧੱਕ ਪਾ ਦਿੱਤੀ ਹੈ।
ਜ਼ਿਲ੍ਹਾਂ ਸੰਗਰੂਰ ਦੀ ਤਹਿਸੀਲ ਸੁਨਾਮ ਅਧੀਨ ਆਉਂਦੇ ਨਿੱਕੜ੍ਹੇ ਜਿਹੇ ਪਿੰਡ ਨਾਮੋਲ ਅਤੇ ਮੱਧਵਰਗੀ ਪਰਿਵਾਰ ਨਾਲ ਸੰਬੰਧਤ ਹੋਣਹਾਰ ਨੌਜਵਾਨ ਬੂਟਾ ਸਿੰਘ ਨੇ ਅੱਜ ਸੋਸ਼ਲ ਮੀਡੀਆ ਦੇ ਮੋਹਰੀ ਕਤਾਰ ਅਤੇ ਅਤਿ ਲੋਕਪ੍ਰਿਯਾ ਕਲਾਕਾਰਾਂ ਵਿੱਚ ਅਪਣੀ ਮੌਜੂਦਗੀ ਦਰਜ ਕਰਵਾ ਲਈ ਹੈ, ਜਿਸ ਵੱਲੋਂ 'ਮਾਲਦਾਰ ਛੜਾ' ਵਿੱਚ ਨਿਭਾਈ ਜਾ ਰਹੀ ਕਾਲੀ ਦੁਨੀਆਂ ਦੇ ਪ੍ਰਧਾਨ ਦੀ ਭੂਮਿਕਾ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ, ਜਿਸ ਮੱਦੇਨਜ਼ਰ ਦਿਲਚਸਪੀ ਪੈਦਾ ਕਰਨ ਲਈ ਸ਼ਾਮਿਲ ਕੀਤੇ ਗਏ ਉਕਤ ਕਿਰਦਾਰ ਦੀ ਸੀਰੀਜ਼ ਵਿੱਚ ਲੰਬਾਈ ਅਤੇ ਮਹੱਤਤਾ ਵੀ ਵੱਧਦੀ ਜਾ ਰਹੀ ਹੈ।
ਮਹਿਜ਼ ਤਿੰਨ ਚਾਰ ਸਾਲ ਪਹਿਲਾਂ ਹੀ ਅਦਾਕਾਰੀ ਖੇਤਰ ਵਿੱਚ ਦਸਤਕ ਦੇਣ ਵਾਲੇ ਇਸ ਕਲਾਕਾਰ ਅਨੁਸਾਰ ਕਿ ਉਸ ਨੂੰ ਕਦੇ ਚਿੱਤ ਚੇਤਾ ਵੀ ਨਹੀਂ ਸੀ ਕਿ ਉਹ ਕਲਾ ਦੇ ਵਿੱਚ ਇੰਨੀਆਂ ਮਜ਼ਬੂਤ ਪੈੜਾਂ ਸਥਾਪਿਤ ਕਰਨ ਦਾ ਮਾਣ ਹਾਸਲ ਕਰ ਲਵੇਗਾ, ਕਿਉਂਕਿ ਪਿਛਲੇ ਲੰਮੇਂ ਸਮੇਂ ਤੋਂ ਉਹ ਪਿੰਡ ਵਿੱਚ ਇੱਕ ਡੇਅਰੀ ਚਲਾ ਰਿਹਾ ਸੀ, ਜਿਸ ਦੇ ਕੰਮ ਵਿੱਚੋਂ ਕੁਝ ਫੁਰਸਤ ਮਿਲਣ ਉਤੇ ਉਹ ਗਾਹੇ ਬਗਾਹੇ ਵੱਖ-ਵੱਖ ਲੋਕਾਂ ਦੀਆਂ ਨਕਲਾਂ ਲਾਹੁੰਣ ਦੇ ਅਪਣੇ ਸ਼ੌਂਕ ਨੂੰ ਵੀ ਅੰਜ਼ਾਮ ਦਿੰਦਾ ਆ ਰਿਹਾ ਸੀ, ਜਿਸ ਦੀ ਇਸ ਦਿਸ਼ਾ ਵਿੱਚ ਹੁਨਰਮੰਦੀ ਨੂੰ ਅਚਾਨਕ ਚੌਖਾ ਹੁੰਗਾਰਾ ਮਿਲਣ ਲੱਗ ਪਿਆ, ਜਦ ਉਸ ਨੇ ਸੋਸ਼ਲ ਮੀਡੀਆ ਨਾਲ ਜੁੜੇ ਅਪਣੇ ਕੁਝ ਜਾਣਕਾਰਾਂ ਦੀਆਂ ਲਘੂ ਕਾਮੇਡੀ ਫਿਲਮਾਂ ਵਿੱਚ ਰੋਲ ਨਿਭਾਏ, ਜਿੰਨ੍ਹਾਂ ਨੂੰ ਇਸ ਕਦਰ ਹੁੰਗਾਰਾ ਮਿਲਿਆ ਕਿ ਉਸ ਲਈ ਕਲਾ ਖਿੱਤੇ ਵਿੱਚ ਅਗਲੇ ਰਸਤੇ ਅਪਣੇ ਆਪ ਖੁੱਲ੍ਹਦੇ ਗਏ।
ਅਦਾਕਾਰੀ ਦੇ ਨਾਲ-ਨਾਲ ਪੇਂਟਿੰਗ ਕਲਾ ਵਿੱਚ ਵੀ ਖਾਸੀ ਮੁਹਾਰਤ ਰੱਖਦੇ ਅਦਾਕਾਰ ਬੂਟਾ ਸਿੰਘ ਨੇ ਦੱਸਿਆ ਕਿ ਉਹ ਪੇਂਟਿੰਗ ਦੇ ਨੈਸ਼ਨਲ ਪੱਧਰੀ ਕਈ ਮੁਕਾਬਲਿਆਂ ਵਿੱਚ ਮੋਹਰੀ ਪੁਜੀਸ਼ਨ ਹਾਸਿਲ ਕਰਦੇ ਹੋਏ ਕਈ ਮਾਣਮੱਤੀਆਂ ਪ੍ਰਾਪਤੀਆਂ ਆਪਣੀ ਝੋਲੀ ਪਾ ਚੁੱਕਾ ਹੈ, ਜਿਸ ਵਿੱਚੋਂ ਹੀ ਮਿਲੇ ਮਿਹਨਤਾਨੇ ਵਿੱਚੋਂ ਉਹ ਅਪਣੇ ਪੰਛੀ ਪ੍ਰੇਮੀ ਹੋਣ ਦਾ ਫਰਜ਼ ਵੀ ਕੈਦ ਪੰਛੀਆਂ ਨੂੰ ਅਜ਼ਾਦ ਕਰਾ ਨਿਭਾਉਂਦਾ ਆ ਰਿਹਾ ਹੈ, ਜਿਸ ਨਾਲ ਜੋ ਖੁਸ਼ੀ ਅਤੇ ਸਕੂਨ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਉਹ ਇਨਾਮ ਜਿੱਤ ਲੈਣ ਤੋਂ ਵੀ ਵੱਧ ਹੁੰਦਾ ਹੈ।
ਇਹ ਵੀ ਪੜ੍ਹੋ: