ਹੈਦਰਾਬਾਦ: 32 ਸਾਲਾਂ ਦੱਖਣੀ ਅਦਾਕਾਰਾ ਕੀਰਤੀ ਸੁਰੇਸ਼ ਨੇ ਅੱਜ 12 ਦਸੰਬਰ ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਐਂਟੋਨੀ ਥਟਿਲ ਨਾਲ ਵਿਆਹ ਕਰਵਾ ਲਿਆ ਹੈ। ਇਸ ਜੋੜੇ ਨੇ ਗੋਆ ਵਿੱਚ ਸੱਤ ਫੇਰੇ ਲਏ ਅਤੇ ਸਾਰੀ ਉਮਰ ਇੱਕ ਦੂਜੇ ਦੇ ਨਾਲ ਰਹਿਣ ਦੀ ਸਹੁੰ ਖਾਧੀ। ਖਬਰਾਂ ਮੁਤਾਬਕ ਕੀਰਤੀ ਅਤੇ ਐਂਟੋਨੀ ਨੇ 15 ਸਾਲ ਤੱਕ ਇਕ-ਦੂਜੇ ਨੂੰ ਡੇਟ ਕੀਤਾ ਅਤੇ ਹੁਣ ਦੋਹਾਂ ਨੇ ਇਕੱਠੇ ਹੋਣ ਦਾ ਫੈਸਲਾ ਕੀਤਾ ਹੈ। ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਅਤੇ ਇਨ੍ਹਾਂ ਤਸਵੀਰਾਂ 'ਚ ਇਹ ਜੋੜਾ ਕਾਫੀ ਖੂਬਸੂਰਤ ਲੱਗ ਰਿਹਾ ਹੈ।
ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਹੋਇਆ ਵਿਆਹ
ਕੀਰਤੀ ਸੁਰੇਸ਼ ਨੇ ਕੁਝ ਦਿਨ ਪਹਿਲਾਂ ਤਿਰੂਪਤੀ ਵਿੱਚ ਆਪਣੇ ਵਿਆਹ ਦੇ ਸਥਾਨ ਦਾ ਖੁਲਾਸਾ ਕੀਤਾ ਸੀ। ਇਸ ਮੁਤਾਬਕ ਉਨ੍ਹਾਂ ਨੇ ਗੋਆ 'ਚ ਡੈਸਟੀਨੇਸ਼ਨ ਵੈਡਿੰਗ ਰੱਖੀ ਸੀ। ਇਸ ਜੋੜੇ ਦਾ ਅੱਜ 12 ਦਸੰਬਰ ਨੂੰ ਹਿੰਦੂ ਰੀਤੀ-ਰਿਵਾਜ਼ਾਂ ਅਨੁਸਾਰ ਵਿਆਹ ਹੋਇਆ ਸੀ ਅਤੇ ਭਲਕੇ 13 ਦਸੰਬਰ ਨੂੰ ਇਹ ਜੋੜਾ ਈਸਾਈ ਰੀਤੀ-ਰਿਵਾਜ਼ਾਂ ਅਨੁਸਾਰ ਵਿਆਹ ਕਰੇਗਾ। ਕੀਰਤੀ ਅਤੇ ਐਂਟੋਨੀ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।
ਕੀਰਤੀ ਨੇ ਸੋਸ਼ਲ ਮੀਡੀਆ 'ਤੇ ਵਿਆਹ ਦੀ ਝਲਕ ਕੀਤੀ ਸਾਂਝੀ
ਕੀਰਤੀ ਅਤੇ ਐਂਟੋਨੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਆਪਣੇ ਖਾਸ ਦਿਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਅਦਾਕਾਰਾ ਨੂੰ ਦੋ ਰੂਪਾਂ ਵਿੱਚ ਦੇਖਿਆ ਗਿਆ ਸੀ, ਪਹਿਲੀ ਝਲਕ ਵਿੱਚ ਉਸਨੇ ਰਵਾਇਤੀ ਪੀਲੀ ਅਤੇ ਹਰੇ ਰੰਗ ਦੀ ਸਾੜ੍ਹੀ ਅਤੇ ਰਵਾਇਤੀ ਗਹਿਣਿਆਂ ਦੇ ਨਾਲ ਮੇਕਅੱਪ ਕੀਤਾ ਸੀ, ਜਦੋਂ ਕਿ ਥਟਿਲ ਨੇ ਰਵਾਇਤੀ ਦੱਖਣੀ ਭਾਰਤੀ ਪਹਿਰਾਵਾ ਵੀ ਪਾਇਆ ਸੀ। ਦੂਜੀ ਲੁੱਕ ਵਿੱਚ ਕੀਰਤੀ ਨੇ ਇੱਕ ਮਰੂਨ ਸਾੜ੍ਹੀ ਅਤੇ ਮੈਚਿੰਗ ਗਹਿਣੇ ਪਹਿਨੇ ਸਨ ਅਤੇ ਐਂਟੋਨੀ ਨੇ ਇੱਕ ਆਫ-ਵਾਈਟ ਕੁੜਤਾ ਪਾਇਆ ਸੀ। ਤਸਵੀਰਾਂ ਅਸਲ ਵਿੱਚ ਇੱਕ ਰਵਾਇਤੀ ਦੱਖਣੀ ਭਾਰਤੀ ਵਿਆਹ ਦਾ ਮਾਹੌਲ ਦੇ ਰਹੀਆਂ ਹਨ।