ਚੰਡੀਗੜ੍ਹ:ਹਾਲੀਆ ਸਮੇਂ ਦੌਰਾਨ 'ਹਿੰਦੂਤਵ ਚੈਪਟਰ ਵਨ-ਮੈਂ ਹਿੰਦੂ ਹੂੰ' ਜਿਹੀ ਬਹੁ-ਚਰਚਿਤ ਫਿਲਮ ਨਿਰਦੇਸ਼ਿਤ ਕਰ ਚੁੱਕੇ ਉੱਘੇ ਬਾਲੀਵੁੱਡ ਅਦਾਕਾਰ-ਲੇਖਕ-ਨਿਰਮਾਤਾ ਅਤੇ ਨਿਰਦੇਸ਼ਕ ਕਰਨ ਰਾਜ਼ਦਾਨ ਇੰਨੀਂ ਦਿਨੀਂ ਅਪਣੀ ਨਵੀਂ ਡਾਇਰੈਕਟੋਰੀਅਲ ਫਿਲਮ ਨੂੰ ਲੈ ਚਰਚਾ ਦਾ ਕੇਂਦਰ ਬਿੰਦੂ ਬਣੇ ਹੋਏ ਹਨ, ਜਿਸ ਦੇ ਵਿਸ਼ੇਸ਼ ਸ਼ੂਟਿੰਗ ਸ਼ੈਡਿਊਲ ਦਾ ਆਗਾਜ਼ ਉਨ੍ਹਾਂ ਵੱਲੋਂ ਮੱਧ ਪ੍ਰਦੇਸ਼ ਵਿਖੇ ਕਰ ਦਿੱਤਾ ਗਿਆ ਹੈ, ਜਿਸ ਵਿੱਚ ਹਿੰਦੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਚਿਹਰੇ ਹਿੱਸਾ ਲੈ ਰਹੇ ਹਨ।
ਟੈਲੀਵਿਜ਼ਨ ਦੀ ਦੁਨੀਆਂ ਦੇ ਮੰਨੇ-ਪ੍ਰਮੰਨੇ ਅਤੇ ਵੱਡੇ ਸਿਤਾਰਿਆਂ ਵਿੱਚ ਆਪਣਾ ਸ਼ੁਮਾਰ ਕਰਵਾਉਂਦੇ ਕਰਨ ਰਾਜ਼ਦਾਨ ਕਈ ਲੋਕਪ੍ਰਿਯ ਸੀਰੀਅਲਜ਼ ਵਿੱਚ ਆਪਣੀ ਸ਼ਾਨਦਾਰ ਮੌਜ਼ੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵੱਲੋਂ ਬਤੌਰ ਅਦਾਕਾਰ ਕੀਤੇ ਗਏ ਸੀਰੀਅਲਜ਼ ਵਿੱਚ 'ਰਜਨੀ' ਟੀਵੀ ਸੀਰੀਜ਼, 'ਤਹਿਕੀਕਾਤ', 'ਕਿੱਸੇ ਮੀਆਂ ਬੀਵੀ ਕੇ', 'ਮਿਸਟਰ ਭੱਟੀ ਆਨ ਛੁੱਟੀ', 'ਮਿੱਤਲ ਵਰਸਿਸ ਮਿੱਤਲ', 'ਈਨਾ ਮੀਨਾ ਡੀਕਾ' ਆਦਿ ਸ਼ਾਮਿਲ ਰਹੇ ਹਨ।
ਇੰਨ੍ਹਾਂ ਤੋਂ ਉਨ੍ਹਾਂ ਦੇ ਸਿਨੇਮਾ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅੰਦਾਜ਼ਾ ਵੀ ਸਹਿਜੇ ਹੀ ਹੋ ਜਾਂਦਾ ਹੈ ਕਿ ਉਨ੍ਹਾਂ ਬਾਲੀਵੁੱਡ ਦੀਆਂ ਕਈ ਵੱਡੀਆਂ ਅਤੇ ਮਲਟੀ-ਸਟਾਰਰ ਫਿਲਮਾਂ ਨੂੰ ਪ੍ਰਭਾਵੀ ਰੂਪ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਹੈ, ਜਿੰਨ੍ਹਾਂ ਦੇ ਯਾਦਗਾਰੀ ਅਭਿਨੈ ਦਾ ਇਜ਼ਹਾਰ ਕਰਵਾਉਣ ਵਾਲੀਆਂ ਫਿਲਮਾਂ ਵਿੱਚ ਮਿਥੁਨ ਚੱਕਰਵਰਤੀ ਸਟਾਰਰ ਸੁਪਰ ਡੁਪਰ ਹਿੱਟ 'ਡਿਸਕੋ ਡਾਂਸਰ' ਤੋਂ ਇਲਾਵਾ 'ਜੀਵਨ ਧਾਰਾ', 'ਜ਼ਰਾ ਸੀ ਜਿੰਦਗੀ', 'ਸ਼ਕਤੀ' ਸ਼ਾਮਿਲ ਰਹੀਆਂ ਹਨ।
ਮੁੰਬਈ ਗਲਿਆਰਿਆਂ ਵਿੱਚ ਬਤੌਰ ਐਕਟਰ ਚੌਖੀ ਭੱਲ ਸਥਾਪਿਤ ਕਰ ਚੁੱਕੇ ਕਰਨ ਰਾਜ਼ਦਾਨ ਬਤੌਰ ਲੇਖਕ ਵੀ ਮਜ਼ਬੂਤ ਪੈੜਾਂ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਵੱਲੋਂ 'ਦਿਲਵਾਲੇ', 'ਤ੍ਰਿਮੂਤੀ', 'ਦੁਸ਼ਮਣੀ', 'ਦਿਲਜਲੇ', 'ਦੀਵਾਨੇ', 'ਲਵ ਸਟੋਰੀ 2050' ਅਤੇ 'ਲਕਸ਼ਮਣ ਰੇਖਾ' ਲਈ ਲਿਖੇ ਸਕਰੀਨ ਪਲੇ ਨੇ ਉਨ੍ਹਾਂ ਦੀ ਮਾਇਆਨਗਰੀ 'ਚ ਪੁਜੀਸ਼ਨ ਨੂੰ ਹੋਰ ਸਰਵੋਤਮ ਵਜ਼ੂਦ ਦੇਣ ਵਿੱਚ ਅਹਿਮ ਯੋਗਦਾਨ ਪਾਇਆ ਹੈ।
ਅਦਾਕਾਰੀ-ਲੇਖਨ ਦੇ ਬਾਅਦ ਨਿਰਦੇਸ਼ਕ ਦੇ ਤੌਰ 'ਤੇ ਵੀ ਪੜਾਅ ਦਰ ਪੜਾਅ ਹੋਰ ਮਾਣਮੱਤੀਆਂ ਪ੍ਰਾਪਤੀਆਂ ਵੱਲ ਵੱਧ ਰਹੇ ਇਹ ਬਾਕਮਾਲ ਫਿਲਮਕਾਰ ਆਪਣੀ ਉਕਤ ਨਵੀਂ ਫਿਲਮ ਨੂੰ ਲੈ ਕੇ ਵੀ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਅਨੁਸਾਰ ਐਕਸ਼ਨ-ਥ੍ਰਿਲਰ ਕਹਾਣੀ ਅਧਾਰਿਤ ਇਸ ਅਨ-ਟਾਈਟਲ ਫਿਲਮ ਦਾ ਜਿਆਦਾਤਰ ਹਿੱਸਾ ਮੱਧ ਪ੍ਰਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਹੀ ਮੁਕੰਮਲ ਕੀਤਾ ਜਾਵੇਗਾ, ਜਿਸ ਉਪਰੰਤ ਕੁਝ ਸ਼ੂਟਿੰਗ ਮੁੰਬਈ ਵਿਖੇ ਵੀ ਪੂਰੀ ਕੀਤੀ ਜਾਵੇਗੀ।