ਚੰਡੀਗੜ੍ਹ: 'ਬੇਬੇ ਦੀ ਪਸੰਦ' ਅਤੇ 'ਮੁੰਡਾ ਸਰਦਾਰਾਂ ਦਾ' ਵਰਗੇ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਧੂੰਮਾਂ ਪਾ ਰਹੇ ਜੌਰਡਨ ਸੰਧੂ ਇਸ ਸਮੇਂ ਆਪਣੇ ਕਈ ਨਵੇਂ ਪ੍ਰੋਜੈਕਟਾਂ ਵਿੱਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਗਾਇਕ ਆਏ ਦਿਨ ਆਪਣੀ ਪਤਨੀ ਨਾਲ ਤਸਵੀਰਾਂ ਸਾਂਝੀਆਂ ਕਰਕੇ ਵੀ ਸੁਰਖ਼ੀਆਂ ਬਟੋਰ ਦੇ ਰਹਿੰਦੇ ਹਨ।
ਇਸ ਸਭ ਦੇ ਦੌਰਾਨ ਹਾਲ ਹੀ ਵਿੱਚ ਗਾਇਕ ਨੇ ਨਿਰਦੇਸ਼ਕ ਜਗਦੀਪ ਸਿੱਧੂ ਦੇ ਸ਼ੋਅ 'ਦਿ ਜਗਦੀਪ ਸੰਧੂ ਸ਼ੋਅ' ਵਿੱਚ ਐਂਟਰੀ ਲਈ। ਜਿੱਥੇ ਗਾਇਕ ਨੇ ਆਪਣੇ ਜੀਵਨ ਬਾਰੇ ਕਾਫੀ ਖਾਸ ਗੱਲਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਹੀ ਗਾਇਕ ਨੇ ਇੱਕ ਅਜਿਹੀ ਗੱਲ ਦੱਸੀ, ਜਿਸ ਨੂੰ ਸੁਣਨ ਤੋਂ ਬਾਅਦ ਪ੍ਰਸ਼ੰਸਕ ਕਾਫੀ ਉਲਝਣ ਅਤੇ ਹੈਰਾਨ ਪਰੇਸ਼ਾਨ ਹਨ।
ਗਾਇਕ ਜੌਰਡਨ ਸੰਧੂ ਨੂੰ ਇਸ ਚੀਜ਼ ਤੋਂ ਲੱਗਦਾ ਹੈ ਡਰ: ਦਰਅਸਲ, ਨਿਰਦੇਸ਼ਕ ਜਗਦੀਪ ਸਿੱਧੂ ਨੇ ਆਪਣੇ ਸ਼ੋਅ ਦਾ ਇੱਕ ਪ੍ਰੋਮੋ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਗਾਇਕ ਜੌਰਡਨ ਸੰਧੂ ਨਾਲ ਗੱਲਬਾਤ ਕਰਦੇ ਨਜ਼ਰੀ ਪੈ ਰਹੇ ਹਨ। ਇਸ ਦੌਰਾਨ ਗਾਇਕ ਨੇ ਖੁਦ ਦੱਸਿਆ ਕਿ ਉਹ ਹਰ ਰੋਜ਼ ਜਦੋਂ ਸਵੇਰੇ ਉੱਠਦੇ ਹਨ ਤਾਂ ਉਹ ਕਾਫੀ ਡਰ ਵਿੱਚ ਹੁੰਦੇ ਹਨ। ਜਦੋਂ ਹੋਸਟ ਜਗਦੀਪ ਸਿੱਧੂ ਨੇ ਉਨ੍ਹਾਂ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ 'ਇਸ ਸੰਸਾਰ ਵਿੱਚ ਕੁੱਝ ਵੀ ਸਥਿਰ ਨਹੀਂ ਹੈ, ਸਭ ਕੁੱਝ ਟੈਂਪਰੇਰੀ ਹੈ। ਪਹਿਲਾਂ ਛੋਟੀਆਂ ਛੋਟੀਆਂ ਚੀਜ਼ਾਂ ਖੁਸ਼ੀ ਦਿੰਦੀਆਂ ਸਨ, ਹੁਣ ਵੱਡੀਆਂ ਚੀਜ਼ਾਂ ਵੀ ਖੁਸ਼ੀ ਨਹੀਂ ਦਿੰਦੀਆਂ।'
ਤੁਹਾਨੂੰ ਦੱਸ ਦੇਈਏ ਕਿ ਇਸ ਸ਼ੋਅ ਦਾ ਪੂਰਾ ਐਪੀਸੋਡ ਇਸ ਸ਼ਨੀਵਾਰ 10 ਅਗਸਤ ਨੂੰ ਰਿਲੀਜ਼ ਹੋਵੇਗਾ। ਇਸ ਦੌਰਾਨ ਜੇਕਰ ਦੁਬਾਰਾ ਸ਼ੋਅ ਹੋਸਟ ਅਤੇ ਫਿਲਮ ਨਿਰਦੇਸ਼ਨ-ਲੇਖਕ ਜਗਦੀਪ ਸਿੱਧੂ ਬਾਰੇ ਗੱਲ ਕਰੀਏ ਤਾਂ ਉਹ ਇਸ ਸਮੇਂ ਆਪਣੀ ਨਵੀਂ ਬਾਲੀਵੁੱਡ ਫਿਲਮ 'ਸੰਨ ਆਫ ਸਰਦਾਰ 2' ਨੂੰ ਲੈ ਕੇ ਚਰਚਾ ਬਟੋਰ ਰਹੇ ਹਨ। ਇਸ ਫਿਲਮ ਨੂੰ ਲਿਖਿਆ ਜਗਦੀਪ ਸਿੱਧੂ ਨੇ ਹੈ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।