ਚੰਡੀਗੜ੍ਹ: ਹਿੰਦੀ ਸਿਨੇਮਾ ਅਤੇ ਵੈੱਬ ਸੀਰੀਜ਼ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਤ ਕਰ ਚੁੱਕੇ ਜਿੰਮੀ ਸ਼ੇਰਗਿੱਲ ਪੰਜਾਬੀ ਫਿਲਮ ਇੰਡਸਟਰੀ ਦਾ ਵੀ ਬਰਾਬਰਤਾ ਨਾਲ ਹਿੱਸਾ ਬਣੇ ਹੋਏ ਹਨ, ਜਿੰਨ੍ਹਾਂ ਦੀ ਲਗਾਤਾਰ ਪੰਜਾਬੀ ਫਿਲਮ ਕਰਨ ਦੀ ਕੀਤੀ ਜਾ ਰਹੀ ਪਹਿਲਕਦਮੀ ਦਾ ਹੈ ਇਜ਼ਹਾਰ ਕਰਵਾਉਣ ਜਾ ਰਹੀ ਉਨ੍ਹਾਂ ਦੀ ਨਵੀਂ ਅਤੇ ਬੀਤੇ ਦਿਨੀਂ ਅਨਾਊਂਸ ਹੋਈ ਪੰਜਾਬੀ ਫਿਲਮ 'ਮਾਂ ਜਾਏ', ਜਿਸ ਦੀ ਸ਼ੂਟਿੰਗ ਉਨ੍ਹਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।
'1212 ਇੰਟਰਟੇਨਮੈਂਟ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਬਿੱਗ ਸੈਟਅੱਪ ਫਿਲਮ ਦਾ ਨਿਰਦੇਸ਼ਨ ਨਵਨੀਅਤ ਸਿੰਘ ਕਰ ਰਹੇ ਹਨ, ਜੋ ਅੱਜਕੱਲ੍ਹ ਪੰਜਾਬੀ ਸਿਨੇਮਾ ਦੇ ਉੱਚ-ਕੋਟੀ ਨਿਰਦੇਸ਼ਕਾਂ ਵਿੱਚ ਅਪਣਾ ਸ਼ੁਮਾਰ ਕਰਵਾ ਰਹੇ ਹਨ ਅਤੇ ਕਈ ਸੁਪਰ-ਡੁਪਰ ਹਿੱਟ ਫਿਲਮਾਂ ਵੀ ਨਿਰਦੇਸ਼ਿਤ ਕਰ ਚੁੱਕੇ ਹਨ।
ਨਿਰਮਾਤਾ ਡਾ.ਅਮਰਜੀਤ ਸਿੰਘ ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਬਿੱਗ ਸੈਟਅੱਪ ਫਿਲਮ ਦੀ ਪਹਿਲਾਂ ਪੜਾਅ ਸ਼ੂਟਿੰਗ ਜੰਮੂ-ਕਸ਼ਮੀਰ ਵਿਖੇ ਸ਼ੁਰੂ ਹੋ ਚੁੱਕੀ ਹੈ, ਜਿਸ ਵਿੱਚ ਜਿੰਮੀ ਸ਼ੇਰਗਿੱਲ, ਮਾਨਵ ਵਿਜ਼, ਅਨੀਤਾ ਸਬਦੀਸ਼ ਸਮੇਤ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਹੋਰ ਨਾਮਵਰ ਐਕਟਰਜ਼ ਹਿੱਸਾ ਲੈ ਰਹੇ ਹਨ, ਜਿੰਨ੍ਹਾਂ ਉਪਰ ਫਿਲਮ ਦੇ ਕਈ ਅਹਿਮ ਸੀਨਾਂ ਦਾ ਫਿਲਮਾਂਕਣ ਪੂਰਾ ਕੀਤਾ ਜਾ ਰਿਹਾ ਹੈ।
ਪਰਿਵਾਰਿਕ ਅਤੇ ਅਰਥ-ਭਰਪੂਰ ਕਹਾਣੀ ਅਧਾਰਿਤ ਇਸ ਫਿਲਮ ਦਾ ਅਗਲਾ ਸ਼ੈਡਿਊਲ ਪਟਿਆਲਾ ਦੇ ਆਸ-ਪਾਸ ਪੂਰਾ ਕੀਤਾ ਜਾਵੇਗਾ, ਜਿਸ ਤੋਂ ਇਲਾਵਾ ਕੁਝ ਖਾਸ ਹਿੱਸਾ ਦਾ ਫਿਲਮਾਂਕਣ ਅਮਰੀਕਾ ਵਿਖੇ ਵੀ ਕੀਤਾ ਜਾਵੇਗਾ। ਪਾਲੀਵੁੱਡ ਦੀਆਂ ਅਗਾਮੀ ਬਹੁ-ਚਰਚਿਤ ਫਿਲਮਾਂ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾ ਚੁੱਕੀ ਇਸ ਭਾਵਨਾਤਮਕ ਫਿਲਮ ਵਿੱਚ ਜਿੰਮੀ ਸ਼ੇਰਗਿੱਲ ਠੇਠ ਪੇਂਡੂ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ।
ਓਧਰ ਫਿਲਮ ਨਾਲ ਜੁੜੇ ਕੁਝ ਹੋਰ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਆਪਸੀ ਰਿਸ਼ਤਿਆਂ ਅਤੇ ਪਰਿਵਾਰਿਕ ਕਦਰਾਂ-ਕੀਮਤਾਂ ਦੀ ਗੱਲ ਕਰਦੀ ਇਸ ਫਿਲਮ ਦਾ ਸਕਰੀਨ ਪਲੇ ਇੰਦਰਪਾਲ ਸਿੰਘ ਲਿਖ ਰਹੇ ਹਨ, ਜਦਕਿ ਡਾਇਲਾਗ ਲੇਖਨ ਗੁਰਪ੍ਰੀਤ ਸਹਿਜੀ ਕਰ ਰਹੇ ਹਨ, ਜਿੰਨ੍ਹਾਂ ਦੁਆਰਾ ਬਿਹਤਰੀਨ ਰੂਪ ਵਿੱਚ ਢਾਲੀ ਜਾ ਰਹੀ ਇਸ ਉਮਦਾ ਫਿਲਮ ਦਾ ਸੰਗੀਤ ਜੈਦੇਵ ਕੁਮਾਰ ਤਿਆਰ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਸੰਗੀਤਬੱਧ ਕੀਤੇ ਗਏ ਬੇਸ਼ੁਮਾਰ ਫਿਲਮੀ ਅਤੇ ਗੈਰ ਫਿਲਮੀ ਗਾਣੇ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰ ਚੁੱਕੇ ਹਨ।