ਚੰਡੀਗੜ੍ਹ:ਪਾਕਿਸਤਾਨ ਵਿੱਚ ਰਿਲੀਜ਼ ਕੀਤੀ ਗਈ ਪੰਜਾਬੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਦਰਸ਼ਕਾਂ ਦੀ ਭੀੜ ਖਿੱਚ ਲੈਣ ਵਿੱਚ ਪੂਰੀ ਤਰ੍ਹਾਂ ਨਾਕਾਮਯਾਬ ਰਹੀ ਹੈ, ਜਿਸ ਨੂੰ ਉਥੇ ਕੋਈ ਖਾਸ ਦਰਸ਼ਕ ਹੁੰਗਾਰਾ ਨਹੀਂ ਮਿਲ ਸਕਿਆ, ਓਧਰ ਦੂਜੇ ਪਾਸੇ ਉਥੋਂ ਦੇ ਸਿਨੇਮਾਘਰਾਂ ਵਿੱਚ ਹਾਲੇ ਤੱਕ ਕਾਮਯਾਬੀ ਨਾਲ ਚੱਲ ਰਹੀ 'ਜੱਟ ਐਂਡ ਜੂਲੀਅਟ 3' ਦੀ ਸਫਲਤਾ ਦਾ ਗ੍ਰਾਫ਼ ਲਗਾਤਾਰ ਹੋਰ ਵੱਧਦਾ ਜਾ ਰਿਹਾ ਹੈ।
ਬੀਤੇ ਜੂਨ ਮਹੀਨੇ ਵਰਲਡ-ਵਾਈਡ ਰਿਲੀਜ਼ ਹੋ ਚੁੱਕੀ 'ਕੁੜੀ ਹਰਿਆਣੇ ਵੱਲ ਦੀ' ਨੂੰ ਬਿਨ੍ਹਾਂ ਕਿਸੇ ਖਾਸ ਸ਼ੋਰ ਸ਼ਰਾਬੇ ਅਤੇ ਪ੍ਰਮੋਸ਼ਨ ਦੇ ਲਹਿੰਦੇ ਪੰਜਾਬ ਦੇ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤਾ ਗਿਆ ਹੈ ਤਾਂ ਕਿ ਦਰਸ਼ਕਾਂ ਅਤੇ ਉਥੋਂ ਦੇ ਫਿਲਮੀ ਗਲਿਆਰਿਆਂ ਵਿੱਚ ਇਸ ਫਿਲਮ ਪ੍ਰਤੀ ਵੱਧ ਤੋਂ ਵੱਧ ਉਤਸੁਕਤਾ ਅਤੇ ਹਾਈਪ ਜਰਨੇਟ ਕੀਤੀ ਜਾ ਸਕੇ।
ਪਰ ਇਸ ਸਭ ਕਾਸੇ ਦੇ ਬਾਵਜੂਦ ਦਰਸ਼ਕਾਂ ਵੱਲੋਂ ਇਸ ਫਿਲਮ ਨੂੰ ਕੋਈ ਖਾਸ ਪ੍ਰਤੀਕਿਰਿਆ ਨਾ ਦਿੱਤੇ ਜਾਣ ਕਾਰਨ ਉਥੋਂ ਦੇ ਫਿਲਮ ਆਲੋਚਕਾਂ ਵਿੱਚ ਵੀ ਕਾਫ਼ੀ ਹੈਰਾਨੀ ਪਾਈ ਜਾ ਰਹੀ ਹੈ, ਜਿੰਨ੍ਹਾਂ ਅਨੁਸਾਰ ਪਾਕਿਸਤਾਨ ਵਿੱਚ ਸੋਨਮ ਬਾਜਵਾ ਦੇ ਫੈਨਜ਼ ਵੱਡੀ ਤਾਦਾਦ ਵਿੱਚ ਹਨ, ਜਿਸ ਦੇ ਬਾਵਜੂਦ ਫਿਲਮ ਦਾ ਬਾਫਿਸ ਆਫਿਸ ਉਤੇ ਕਲਿੱਕ ਨਾ ਹੋਣਾ ਕਾਫ਼ੀ ਹੈਰਾਨੀ ਪੈਦਾ ਕਰਦਾ ਹੈ।
ਪਾਕਿਸਤਾਨ ਦੇ ਉੱਘੇ ਫਿਲਮ ਕ੍ਰਿਟਿਕ ਐਮ ਜ਼ੁਬੇਰ ਅਨੁਸਾਰ 26 ਜੁਲਾਈ ਨੂੰ ਇੱਥੇ ਰਿਲੀਜ਼ ਹੋਈ 'ਕੁੜੀ ਹਰਿਆਣੇ ਵੱਲ ਦੀ' ਨੂੰ ਵੀਕਐਂਡ ਉਤੇ ਚੰਗਾ ਰਿਸਪਾਂਸ ਮਿਲਣ ਦੀ ਉਮੀਦ ਡਿਸਟ੍ਰੀਬਿਊਟਰਜ਼ ਅਤੇ ਸਿਨੇਮਾ ਮਾਲਕਾਂ ਨੂੰ ਸੀ, ਪਰ ਉਨ੍ਹਾਂ ਦੀਆਂ ਆਸਾਂ ਨੂੰ ਬੂਰ ਨਹੀਂ ਪੈ ਸਕਿਆ, ਜਿਸ ਦੇ ਮੱਦੇਨਜ਼ਰ ਉਨ੍ਹਾਂ ਹੋ ਰਹੇ ਅਪਣੇ ਨੁਕਸਾਨ ਦੀ ਭਰਪਾਈ ਕਰਨ ਲਈ ਇਸ ਫਿਲਮ ਦੇ ਸ਼ੋਅਜ ਘਟਾ ਕੇ "ਜੱਟ ਐਂਡ ਜੂਲੀਅਤ 3" ਦੇ ਸ਼ੋਅਜ ਵਧਾ ਦਿੱਤੇ ਗਏ ਹਨ, ਜੋ 27 ਜੂਨ ਨੂੰ ਪਾਕਿਸਤਾਨ ਵਿੱਚ ਰਿਲੀਜ਼ ਕੀਤੀ ਗਈ ਸੀ ਅਤੇ ਹੁਣ ਤੱਕ 15 ਕਰੋੜ ਦੇ ਕਰੀਬ ਕਾਰੋਬਾਰ ਇਕੱਲੇ ਇਸ ਖਿੱਤੇ ਵਿੱਚ ਕਰ ਚੁੱਕੀ ਹੈ, ਜਿਸ ਦਾ ਇਹ ਅੰਕੜਾ ਲਗਾਤਾਰ ਹੋਰ ਵੱਧਦਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇੱਕ ਦੂਜੇ ਨੂੰ ਟੱਕਰ ਦੇ ਰਹੀਆਂ ਉਕਤ ਫਿਲਮਾਂ ਦੇ ਮੌਜੂਦਾ ਸ਼ੋਅਜ਼ ਦੀ ਗੱਲ ਕੀਤੀ ਜਾਵੇ ਤਾਂ 'ਜੱਟ ਐਂਡ ਜੂਲੀਅਟ 3' ਦੇ ਸ਼ੋਅਜ਼ ਦੀ ਗਿਣਤੀ ਜਿੱਥੇ ਹਾਲੇ ਵੀ ਵੱਖ-ਵੱਖ ਹਿੱਸਿਆਂ ਵਿੱਚ ਪ੍ਰਤੀ ਦਿਨ ਕਾਫੀ ਸਾਰੇ ਸ਼ੋਅ ਤੱਕ ਬਰਕਰਾਰ ਹੈ, ਉਥੇ ਹੀ 'ਕੁੜੀ ਹਰਿਆਣੇ ਵੱਲ ਦੀ' ਗਿਣਤੀ ਘੱਟ ਸ਼ੋਅਜ਼ ਤੱਕ ਹੀ ਸਿਮਟ ਰਹੀ ਹੈ।