ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਇੰਨੀਂ ਦਿਨੀਂ ਰਿਲੀਜ਼ ਹੋਈਆਂ ਪੰਜਾਬੀ ਫਿਲਮਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਬਾਕਸ ਆਫਿਸ ਨਤੀਜੇ ਜਿਆਦਾ ਚੰਗੇ ਨਜ਼ਰ ਨਹੀਂ ਆ ਰਹੇ ਹਨ, ਜਿਸ ਦਾ ਖਾਮਿਆਜਾ ਭੁਗਤਣ ਵੱਲ ਵੱਧ ਚੁੱਕੀ ਹੈ ਬੀਤੇ ਸ਼ੁੱਕਰਵਾਰ ਰਿਲੀਜ਼ ਹੋਈ ਬਿੱਗ ਸੈਟਅੱਪ ਫਿਲਮ 'ਫੁਰਤੀਲਾ', ਜੋ ਅੱਜ ਤੀਜੇ ਦਿਨ ਵਿੱਚ ਪ੍ਰਵੇਸ਼ ਕਰ ਚੁੱਕੀ ਹੈ, ਪਰ ਦਰਸ਼ਕਾਂ ਦੀ ਆਮਦ ਤੋਂ ਪੂਰੀ ਤਰ੍ਹਾਂ ਵਾਂਝੀ ਨਜ਼ਰ ਆ ਰਹੀ ਹੈ।
ਬਾਲੀਵੁੱਡ ਦੀ ਚਰਚਿਤ ਅਦਾਕਾਰਾ ਅਮਾਇਰਾ ਦਸਤੂਰ ਅਤੇ ਚਰਚਿਤ ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਦੀ ਲੀਡ ਭੂਮਿਕਾ ਨਾਲ ਸਜੀ ਇਸ ਬਹੁ-ਚਰਚਿਤ ਅਤੇ ਮਿਊਜ਼ਿਕਲ ਪ੍ਰੇਮ ਕਹਾਣੀ ਦਾ ਨਿਰਦੇਸ਼ਨ ਨੌਜਵਾਨ ਅਤੇ ਪ੍ਰਤਿਭਾਵਾਨ ਫਿਲਮਕਾਰ ਅਮਰ ਹੁੰਦਲ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ 'ਵਾਰਨਿੰਗ', 'ਵਾਰਨਿੰਗ 2', 'ਬੱਬਰ' ਆਦਿ ਜਿਹੀਆਂ ਕਈ ਸਫਲ ਅਤੇ ਐਕਸ਼ਨ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਅਤੇ ਉਕਤ ਫਿਲਮ ਦੁਆਰਾ ਪਹਿਲੀ ਵਾਰ ਅਪਣੇ ਐਕਸ਼ਨ ਪੈਟਰਨ ਤੋਂ ਵੱਖਰੀ ਵੰਨਗੀ ਦੀ ਫਿਲਮ ਲੈ ਕੇ ਸਾਹਮਣੇ ਆਏ ਹਨ।
ਨਿਰਮਾਣ ਪੜਾਅ ਤੋਂ ਹੀ ਖਿੱਚ ਦਾ ਕੇਂਦਰ ਬਿੰਦੂ ਬਣਦੀ ਆ ਰਹੀ ਉਕਤ ਫਿਲਮ ਦੁਆਰਾ ਗਾਇਕ ਜੱਸੀ ਗਿੱਲ ਲੰਮੇਂ ਵਕਫ਼ੇ ਬਾਅਦ ਪੰਜਾਬੀ ਸਿਨੇਮਾ ਦਾ ਹਿੱਸਾ ਬਣੇ ਹਨ, ਜੋ ਇਸ ਤੋਂ ਪਹਿਲਾਂ ਸਾਲ 2018 ਵਿੱਚ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ 'ਮਿਸਟਰ ਐਂਡ ਮਿਸਿਜ਼ 420 ਰਿਟਰਨਜ਼' ਵਿੱਚ ਵਿਖਾਈ ਦਿੱਤੇ ਸਨ, ਜਿਸ ਦਾ ਨਿਰਦੇਸ਼ਨ ਸ਼ਿਤਿਜ਼ ਚੌਧਰੀ ਦੁਆਰਾ ਕੀਤਾ ਗਿਆ ਸੀ ਅਤੇ ਇਸ ਫਿਲਮ ਦੇ ਕਰੀਬ ਛੇ ਸਾਲਾਂ ਬਾਅਦ ਇਹ ਹੋਣਹਾਰ ਗਾਇਕ ਅਤੇ ਅਦਾਕਾਰ ਉਕਤ ਫਿਲਮ ਦਾ ਹਿੱਸਾ ਬਣੇ ਹਨ, ਜਿੰਨ੍ਹਾਂ ਦਾ ਅਲਹਦਾ ਹੱਟ ਕੇ ਨਿਭਾਇਆ ਗਿਆ ਕਿਰਦਾਰ ਕੁਝ ਕੁ ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ, ਕੁਝ ਨੂੰ ਬਿਲਕੁਲ ਨਹੀਂ ਭਾਅ ਰਿਹਾ ਹੈ।
ਸਿਨੇਮਾ ਗਲਿਆਰਿਆਂ ਵਿੱਚ ਅਪਣੀ ਵਿਲੱਖਣ ਲੁੱਕ ਨੂੰ ਲੈ ਚਰਚਾ 'ਚ ਰਹੀ ਉਕਤ ਫਿਲਮ ਸੰਬੰਧੀ ਦਰਸ਼ਕ ਰਾਏ ਨੂੰ ਲੈ ਈਟੀਵੀ ਭਾਰਤ ਦੀ ਟੀਮ ਵੱਲੋਂ ਸਿਨੇਮਾ ਘਰਾਂ ਦਾ ਉਚੇਚਾ ਦੌਰਾ ਕੀਤਾ ਗਿਆ, ਜਿਸ ਦੌਰਾਨ ਜਿਆਦਾਤਰ ਮਲਵਈ ਖੇਤਰ ਥਿਏਟਰ ਵਿੱਚ ਦਰਸ਼ਕਾਂ ਦੀ ਹਾਜ਼ਰੀ ਨਾਮਾਤਰ ਹੀ ਨਜ਼ਰ ਆਈ, ਹਾਲਾਂਕਿ ਐਤਵਾਰ ਦਾ ਦਿਨ ਹੋਣ ਕਾਰਨ ਸਿਨੇਮਾ ਘਰਾਂ ਵਿੱਚ ਵੱਡੀ ਗਿਣਤੀ ਦਰਸ਼ਕਾਂ ਦੇ ਫਿਲਮ ਵੇਖਣ ਪੁੱਜਣ ਦੀ ਉਮੀਦ ਸਿਨੇਮਾ ਪ੍ਰਬੰਧਕਾਂ ਦੁਆਰਾ ਕੀਤੀ ਜਾ ਰਹੀ ਸੀ, ਜੋ ਆਸ ਅਨੁਸਾਰ ਨਾ ਵੇਖਕੇ ਕਾਫ਼ੀ ਨਿਰਾਸ਼ ਨਜ਼ਰ ਆਏ।