ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਅੱਜ ਲਗਭਗ ਤਿੰਨ ਦਹਾਕਿਆਂ ਦਾ ਸ਼ਾਨਦਾਰ ਪੈਂਡਾ ਹੰਢਾਂ ਚੁੱਕੇ ਹਨ ਗਾਇਕ ਜੱਸੀ ਸੋਹਲ, ਜਿੰਨ੍ਹਾਂ ਦੀ ਸਾਲਾਂ ਬਾਅਦ ਵੀ ਇਸ ਖਿੱਤੇ ਵਿੱਚ ਬਣੀ ਧਾਂਕ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ, ਉਨ੍ਹਾਂ ਦਾ ਸਾਹਮਣੇ ਆਉਣ ਜਾ ਰਿਹਾ ਇੱਕ ਹੋਰ ਨਵਾਂ ਗਾਣਾ 'ਪਾਗਲਾ ਜਿਹਾ', ਜੋ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
ਜੱਸੀ ਸੋਹਲ ਵੱਲੋਂ ਆਪਣੇ ਘਰੇਲੂ ਸੰਗੀਤਕ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਗਾਣੇ ਦਾ ਸੰਗੀਤ ਡੀਜੇ ਸਪਾਡੈਕਸ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੁਆਰਾ ਪ੍ਰਭਾਵੀ ਸੰਗੀਤ ਪੱਧਰ ਅਧੀਨ ਸੰਯੋਜਿਤ ਕੀਤੇ ਗਏ ਇਸ ਗਾਣੇ ਦੇ ਬੋਲ ਮੌਨੇਵਾਲਾ ਨੇ ਰਚੇ ਹਨ, ਜੋ ਇਸ ਤੋਂ ਪਹਿਲਾਂ ਵੀ ਕਈ ਬਿਹਤਰੀਨ ਗਾਣਿਆਂ ਦੀ ਸਿਰਜਣਾ ਕਰ ਚੁੱਕੇ ਹਨ।
ਦੇਸੀ ਅਤੇ ਆਧੁਨਿਕ ਸੰਗੀਤ ਦੀ ਸੁਮੇਲਤਾ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ, ਜਿਸ ਦੀ ਨਿਰਦੇਸ਼ਨਾਂ ਸੰਤ ਸਿੰਘ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਦੀ ਕ੍ਰਿਏਟਿਵ ਟੀਮ ਅਨੁਸਾਰ ਉੱਚ ਪੱਧਰੀ ਤਕਨੀਕੀ ਮਾਪਦੰਢਾਂ ਅਧੀਨ ਫਿਲਮਾਏ ਗਏ ਇਸ ਸੰਗੀਤਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਚਰਚਿਤ ਮਾਡਲ ਅਤੇ ਅਦਾਕਾਰਾ ਅਮਨਜੋਤ ਕੌਰ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਦੁਆਰਾ ਜੱਸੀ ਸੋਹਲ ਨਾਲ ਖੂਬਸੂਰਤ ਫੀਚਰਿੰਗ ਨੂੰ ਅੰਜ਼ਾਮ ਦਿੱਤਾ ਗਿਆ ਹੈ।