ਚੰਡੀਗੜ੍ਹ: ਗਿੱਪੀ ਗਰੇਵਾਲ ਸਟਾਰਰ ਪੰਜਾਬੀ ਫਿਲਮ 'ਹਨੀਮੂਨ' ਨਾਲ ਪੰਜਾਬੀ ਫਿਲਮਾਂ 'ਚ ਆਪਣਾ ਸਫਰ ਸ਼ੁਰੂ ਕਰਨ ਵਾਲੀ ਜੈਸਮੀਨ ਭਸੀਨ ਨੇ ਹਾਲ ਹੀ ਵਿੱਚ ਆਪਣੀ ਆਉਣ ਵਾਲੀ ਇੱਕ ਹੋਰ ਪੰਜਾਬੀ ਫਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਦਾ ਐਲਾਨ ਕੀਤਾ ਹੈ। ਇਸ ਫਿਲਮ ਦੀ ਸ਼ੂਟਿੰਗ ਵੀ ਸ਼ੁਰੂ ਹੋ ਗਈ ਹੈ।
ਇਸ ਖੁਸ਼ੀ ਨੂੰ ਸਾਂਝਾ ਕਰਨ ਲਈ ਜੈਸਮੀਨ ਭਸੀਨ ਨੇ ਇੰਸਟਾਗ੍ਰਾਮ ਦਾ ਸਹਾਰਾ ਲਿਆ ਹੈ ਅਤੇ ਲਿਖਿਆ, 'ਅਰਦਾਸ ਸਰਬੱਤ ਦੇ ਭਲੇ ਦੀ' ਤੋਂ ਬਾਣੀ ਨੂੰ ਮਿਲੋ, ਪਨੋਰਮਾ ਸਟੂਡੀਓਜ਼ ਅਤੇ ਹੰਬਲ ਮੋਸ਼ਨ ਪਿਕਚਰਜ਼ ਪੇਸ਼ ਹਨ “ਅਰਦਾਸ ਸਰਬੱਤ ਦੇ ਭਲੇ ਦੀ”, ਅਰਦਾਸ ਦੀ ਤੀਜੀ ਕਿਸ਼ਤ, ਸ਼ੂਟ ਸ਼ੁਰੂ।' ਇਸ ਤੋਂ ਇਲਾਵਾ ਅਦਾਕਾਰਾ ਨੇ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਅਦਾਕਾਰਾ ਰੰਗਾਂ ਵਿੱਚ ਰੰਗੀ ਹੋਈ ਕਲੈਪਰਬੋਰਡ ਫੜੀ ਨਜ਼ਰ ਆ ਰਹੀ ਹੈ।
ਦੂਜੇ ਪਾਸੇ ਇਸ ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਇਹ ਫਿਲਮ ਗਿੱਪੀ ਗਰੇਵਾਲ, ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲਜੀਤ ਸਿੰਘ, ਜੈਸਮੀਨ ਭਸੀਨ, ਰਘਵੀਰ ਬੋਲੀ, ਸਰਦਾਰ ਸੋਹੀ, ਨਿਰਮਲ ਰਿਸ਼ੀ ਅਤੇ ਮਲਕੀਤ ਰੌਣੀ ਵਰਗੇ ਕਈ ਸ਼ਾਨਦਾਰ ਕਲਾਕਾਰ ਨਾਲ ਸਜੀ ਨਜ਼ਰ ਆਵੇਗੀ। ਇਹ ਫਿਲਮ ਪਨੋਰਮਾ ਸਟੂਡੀਓਜ਼ ਅਤੇ ਹੰਬਲ ਮੋਸ਼ਨ ਪਿਕਚਰਜ਼ ਦੇ ਦੁਆਰਾ ਸਾਂਝੇ ਤੌਰ ਉਤੇ ਪੇਸ਼ ਕੀਤੀ ਜਾਵੇਗੀ।
ਉਲੇਖਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਇਸ ਫਿਲਮ ਦੇ ਤੀਜੇ ਭਾਗ 'ਤੇ ਬੋਲਦਿਆਂ ਗਿੱਪੀ ਨੇ ਕਿਹਾ ਸੀ, 'ਅਰਦਾਸ ਮੇਰੇ ਦਿਲ ਦੇ ਬਹੁਤ ਕਰੀਬ ਹੈ, ਕਿਉਂਕਿ ਮੈਂ ਇਸ ਫਿਲਮ ਨਾਲ ਨਿਰਦੇਸ਼ਕ ਬਣਿਆ ਹਾਂ। ਦਰਸ਼ਕਾਂ ਨੇ ਫ੍ਰੈਂਚਾਇਜ਼ੀ ਨੂੰ ਬਹੁਤ ਪਿਆਰ ਦਿੱਤਾ ਹੈ ਅਤੇ ਮੈਂ ਉਨ੍ਹਾਂ ਪ੍ਰਤੀ ਇੱਕ ਜ਼ਿੰਮੇਵਾਰੀ ਮਹਿਸੂਸ ਕਰਦਾ ਹਾਂ, ਉਨ੍ਹਾਂ ਨੂੰ ਇੱਕ ਅਜਿਹੀ ਫਿਲਮ ਦੇਣਾ ਜੋ ਉਨ੍ਹਾਂ ਦਾ ਮਨੋਰੰਜਨ ਕਰੇਗੀ। ਇਹ ਮੇਰੇ ਲਈ ਕੋਈ ਫਿਲਮ ਨਹੀਂ ਹੈ, ਇਹ ਇੱਕ ਭਾਵਨਾ ਹੈ ਅਤੇ ਮੈਂ ਇਸ ਫਿਲਮ ਲਈ ਪਨੋਰਮਾ ਸਟੂਡੀਓਜ਼ ਨਾਲ ਸਾਂਝੇਦਾਰੀ ਕਰਕੇ ਖੁਸ਼ ਹਾਂ।"
ਹੁਣ ਜੈਸਮੀਨ ਭਸੀਨ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਨੇ ਹਾਲ ਹੀ ਵਿੱਚ 'ਕੈਰੀ ਆਨ ਜੱਟੀਏ' ਦੀ ਸ਼ੂਟਿੰਗ ਪੂਰੀ ਕੀਤੀ ਹੈ, ਇਸ ਤੋਂ ਇਲਾਵਾ ਅਦਾਕਾਰਾ ਕੋਲ 'ਵਾਰਨਿੰਗ 2' ਵੀ ਰਿਲੀਜ਼ ਲਈ ਪਈ ਹੈ।