ਚੰਡੀਗੜ੍ਹ:ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਬਹੁਤ ਥੋੜ੍ਹੇ ਜਿਹੇ ਦੌਰਾਨ ਹੀ ਬਤੌਰ ਅਦਾਕਾਰ ਮਜ਼ਬੂਤ ਪੈੜਾਂ ਸਿਰਜਣ ਵਿੱਚ ਕਾਮਯਾਬ ਰਹੇ ਹਨ ਜਗਜੀਤ ਸੰਧੂ, ਜਿੰਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਇੱਲਤੀ' ਦੀ ਰਿਲੀਜ਼ ਮਿਤੀ ਜਾਰੀ ਕਰ ਦਿੱਤੀ ਗਈ ਹੈ, ਜੋ ਨਵੇਂ ਵਰ੍ਹੇ ਦੇ ਪਹਿਲੇ ਪੜ੍ਹਾਅ ਅਧੀਨ ਦਰਸ਼ਕਾਂ ਦੇ ਸਨਮੁੱਖ ਕੀਤੀ ਜਾਵੇਗੀ।
'ਗੀਤ ਐਮਪੀ 3' ਅਤੇ 'ਜਗਜੀਤ ਸੰਧੂ ਫਿਲਮਜ਼' ਵੱਲੋਂ ਸੰਯੁਕਤ ਨਿਰਮਾਣ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਵਰਿੰਦਰ ਰਾਮਗੜ੍ਹੀਆਂ ਵੱਲੋਂ ਕੀਤਾ ਗਿਆ ਹੈ, ਜੋ ਇਸ ਦਿਲਚਸਪ-ਡਰਾਮਾ ਅਤੇ ਕਾਮੇਡੀ ਫਿਲਮ ਨਾਲ ਪਾਲੀਵੁੱਡ ਵਿੱਚ ਇੱਕ ਨਵੀਂ ਅਤੇ ਪ੍ਰਭਾਵ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।
ਨਿਰਮਾਤਾ ਕੇਵੀ ਢਿੱਲੋਂ ਅਤੇ ਜਗਜੀਤ ਸੰਧੂ ਵੱਲੋਂ ਬਿੱਗ ਸੈੱਟਅਪ ਅਤੇ ਵਿਸ਼ਾਲ ਕੈਨਵਸ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਉਕਤ ਫਿਲਮ ਵਿੱਚ ਜਗਜੀਤ ਸੰਧੂ ਅਤੇ ਤਾਨੀਆ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਰਘਵੀਰ ਬੋਲੀ, ਅਨੀਤਾ ਦੇਵਗਨ, ਸੁਰਿੰਦਰ ਸ਼ਰਮਾ, ਸੰਜੂ ਸੋਲੰਕੀ, ਦਲਜਿੰਦਰ ਬਸਰਾ, ਜਤਿੰਦਰ ਰਾਮਗੜ੍ਹੀਆ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਹਨ।