ਚੰਡੀਗੜ੍ਹ: ਪੰਜਾਬੀ ਲਘੂ ਫਿਲਮਾਂ ਅਤੇ ਵੈੱਬ ਸੀਰੀਜ਼ ਦੇ ਖੇਤਰ ਵਿੱਚ ਬਤੌਰ ਨਿਰਦੇਸ਼ਕ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਸਰਵਜੀਤ ਖੇੜਾ, ਜਿੰਨ੍ਹਾਂ ਵੱਲੋਂ ਅਪਣੀ ਨਵੀਂ ਹਿੰਦੀ ਵੈੱਬ ਸੀਰੀਜ਼ 'ਐਕਸੀਡੈਂਟਲ ਫਲੈਟਮੇਟਸ' ਦਾ ਅਗਾਜ਼ ਕਰ ਦਿੱਤਾ ਗਿਆ ਹੈ, ਜੋ ਮੋਹਾਲੀ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਸ਼ੂਟਿੰਗ ਪੜਾਅ ਵੱਲ ਵੱਧ ਚੁੱਕੀ ਹੈ।
ਚਰਚਿਤ ਡ੍ਰਾਮਾ ਕਹਾਣੀ-ਸਾਰ ਅਧੀਨ ਬਣਾਈ ਜਾ ਰਹੀ ਇਸ ਵੈੱਬ ਸੀਰੀਜ਼ ਵਿੱਚ ਪੰਜਾਬੀ ਸਿਨੇਮਾ, ਲਘੂ ਫਿਲਮਾਂ ਅਤੇ ਵੈੱਬ ਸੀਰੀਜ਼ ਦੇ ਖਿੱਤੇ ਨਾਲ ਸੰਬੰਧਤ ਕਈ ਚਰਚਿਤ ਚਿਹਰੇ ਮਹੱਤਵਪੂਰਨ ਭੂਮਿਕਾਵਾਂ ਅਦਾ ਕਰਨ ਜਾ ਰਹੇ ਹਨ, ਜਿੰਨ੍ਹਾਂ ਦੇ ਨਾਵਾਂ ਅਤੇ ਹੋਰ ਅਹਿਮ ਪਹਿਲੂਆਂ ਨੂੰ ਫਿਲਹਾਲ ਨਿਰਮਾਣ ਟੀਮ ਵੱਲੋਂ ਰਿਵੀਲ ਨਹੀਂ ਕੀਤਾ ਗਿਆ।
ਪਾਲੀਵੁੱਡ ਵਿੱਚ ਮਜ਼ਬੂਤ ਪੈੜ੍ਹਾਂ ਸਿਰਜਦੇ ਜਾ ਰਹੇ ਨਿਰਦੇਸ਼ਨ ਸਰਵਜੀਤ ਖੇੜਾ ਦੁਆਰਾ ਹਾਲ ਹੀ ਅਪਣੀ ਇੱਕ ਹੋਰ ਹਿੰਦੀ ਅਤੇ ਪਰਿਵਾਰਿਕ ਡ੍ਰਾਮਾ ਵੈੱਬ ਸੀਰੀਜ਼ 'ਸ਼ੇਡਜ਼' ਵੀ ਸੰਪੂਰਨ ਕੀਤੀ ਗਈ ਹੈ, ਜੋ ਜਲਦ ਹੀ ਓਟੀਟੀ ਔਨ ਸਟ੍ਰੀਮ ਹੋਣ ਜਾ ਰਹੀ ਹੈ, ਜਿਸ ਵਿੱਚ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਅਦਾਕਾਰ ਤੇਜ ਸਪਰੂ ਲੀਡਿੰਗ ਕਿਰਦਾਰ ਅਦਾ ਕਰ ਰਹੇ ਹਨ।
ਸਾਲ 2022 ਵਿੱਚ ਰਿਲੀਜ਼ ਹੋਈ ਅਤੇ ਨੀਰੂ ਬਾਜਵਾ ਸਟਾਰਰ ਕ੍ਰਾਈਮ ਡਰਾਮਾ ਪੰਜਾਬੀ ਫਿਲਮ 'ਕ੍ਰਿਮਿਨਲ' ਦੇ ਲੇਖਨ ਨਾਲ ਵੀ ਜੁੜੇ ਰਹੇ ਹਨ ਸਰਵਜੀਤ ਖੇੜਾ, ਜੋ ਅਲਹਦਾ ਕੰਟੈਂਟ ਅਧਾਰਿਤ ਲਘੂ ਫਿਲਮਾਂ ਅਤੇ ਵੈੱਬ ਸੀਰੀਜ਼ ਸਾਹਮਣੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਦੀਆਂ ਮੇਨ ਸਟਰੀਮ ਕੰਟੈਂਟ ਤੋਂ ਅਲੱਗ ਹੱਟ ਕੇ ਨਿਰਦੇਸ਼ਕ ਦੇ ਰੂਪ ਵਿੱਚ ਬਣਾਈਆਂ ਗਈਆਂ ਅਤੇ ਅਰਥ-ਭਰਪੂਰ ਲਘੂ ਫਿਲਮਾਂ ਵਿੱਚ 'ਇਟਸ ਮਾਈ ਫਾਲਟ', 'ਵਰਕ ਪਰਮਿਟ', 'ਲਾਈਫ ਕੈਬ' ਅਤੇ 'ਤਿਆਗ' ਆਦਿ ਸ਼ੁਮਾਰ ਰਹੀਆਂ ਹਨ, ਜੋ ਪੀਟੀਸੀ ਬਾਕਸ ਆਫਿਸ ਉਤੇ ਪ੍ਰਦਰਸ਼ਿਤ ਹੋਈਆਂ ਬਿਹਤਰੀਨ ਫਿਲਮਾਂ ਵਿੱਚ ਸ਼ੁਮਾਰ ਰਹੀਆਂ ਹਨ।
ਪੀਟੀਸੀ ਡਿਜ਼ੀਟਲ ਫਿਲਮ ਫੈਸਟੀਵਲ 2022 ਦੌਰਾਨ ਅਪਣੀ ਫਿਲਮ 'ਲਾਈਫ ਕੈਬ' ਲਈ ਬੈਸਟ ਫਿਲਮ ਐਵਾਰਡ ਹਾਸਿਲ ਕਰ ਚੁੱਕੇ ਹਨ ਇਹ ਹੋਣਹਾਰ ਲੇਖਕ ਅਤੇ ਨਿਰਦੇਸ਼ਕ, ਜੋ ਜਲਦ ਹੀ ਅਪਣੀ ਪਹਿਲੀ ਪੰਜਾਬੀ ਫੀਚਰ ਫਿਲਮ ਦਾ ਫਿਲਮਾਂਕਣ ਵੀ ਸ਼ੁਰੂ ਕਰਨ ਜਾ ਰਹੇ ਹਨ, ਜੋ ਲੰਦਨ ਵਿਖੇ ਫਿਲਮਾਈ ਜਾਵੇਗੀ।