ਚੰਡੀਗੜ੍ਹ: ਦੁਨੀਆਂ ਭਰ ਦੇ ਸੰਗੀਤ ਗਲਿਆਰਿਆਂ ਵਿੱਚ ਛਾਅ ਰਹੇ ਸਟਾਰ ਗਾਇਕ ਦਿਲਜੀਤ ਦੁਸਾਂਝ ਇੱਕ ਵਾਰ ਮੁੜ ਆਲਮੀ ਪੱਧਰ ਉੱਪਰ ਸਨਸਨੀ ਬਣ ਉਭਰੇ ਹਨ, ਜਿੰਨ੍ਹਾਂ ਨੇ ਗਲੋਬਲ ਬਿੱਲਬੋਰਡ ਕੈਨੇਡਾ ਮੈਗਜ਼ੀਨ ਦੇ ਕਵਰ ਪੇਜ 'ਤੇ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਦਾ ਮਾਣ ਹਾਸਿਲ ਕਰ ਲਿਆ ਹੈ।
ਦਿਲ ਲੂਮੀਨਾਟੀ ਟੂਰ ਦੇ ਆਖਰੀ ਪੜਾਅ ਸਫ਼ਰ ਨੂੰ ਹੰਢਾ ਰਹੇ ਗਾਇਕ ਦਿਲਜੀਤ ਦੁਸਾਂਝ ਨੂੰ ਦਿੱਤੇ ਉਕਤ ਮਾਣਮੱਤੇ ਸਥਾਨ ਉਪਰ ਅਪਣੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਬਿੱਲਬੋਰਡ ਕੈਨੇਡਾ ਨੇ ਕਿਹਾ ਹੈ ਕਿ ਗਾਇਕ ਦੁਸਾਂਝ ਅੰਤਰਰਾਸ਼ਟਰੀ ਪੱਧਰ ਦੀਆਂ ਸੰਗੀਤਕ ਸਫਾਂ ਵਿੱਚ ਅਪਣੀ ਸਥਿਤੀ ਮਜ਼ਬੂਤ ਕਰਦੇ ਹੋਏ ਆਪਣੇ ਸੱਭਿਆਚਾਰ ਦੀਆਂ ਜੜ੍ਹਾਂ ਨੂੰ ਵੀ ਡੂੰਘੀਆਂ ਕਰ ਰਹੇ ਹਨ।
ਪੰਜਾਬੀ ਸੰਗੀਤ ਆਈਕਨ ਅਤੇ ਗਲੋਬਲ ਸਨਸਨੀ ਵਜੋਂ ਉਕਤ ਤਾਜ਼ਾ ਅੰਕ ਦੇ ਕਵਰ ਪੇਜ ਉਪਰ ਦਰਸਾਏ ਗਏ ਦਿਲਜੀਤ ਦੁਸਾਂਝ ਨੇ ਸਟਾਰ ਵਜੋਂ ਵਿਸ਼ੇਸ਼ਤਾ ਪ੍ਰਾਪਤ ਕਰਕੇ ਇੰਟਰਨੈਸ਼ਨਲ ਪੱਧਰ ਉਪਰ ਅਪਣੇ ਵੱਧਦੇ ਜਾ ਰਹੇ ਰੁਤਬੇ ਨੂੰ ਹੋਰ ਵਿਸ਼ਾਲ ਕਰ ਲਿਆ ਹੈ।
ਵਿਸ਼ਵਵਿਆਪੀ ਸੰਗੀਤਕ ਖੇਤਰ ਵਿੱਚ ਪੰਜਾਬੀ ਸੰਗੀਤ ਲਈ ਇੱਕ ਮੋਢੀ ਵਜੋਂ ਉਭਰ ਰਹੇ ਦੇਸੀ ਸਟਾਰ ਦੀਆਂ ਪ੍ਰਾਪਤੀਆਂ ਦੀ ਲਗਾਤਾਰ ਲੰਬੀਆਂ ਹੁੰਦੀਆਂ ਜਾ ਰਹੀਆਂ ਹਨ। ਕੋਚੇਲਾ ਵਿੱਚ ਪ੍ਰਦਰਸ਼ਨ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਵਜੋਂ ਇਤਿਹਾਸ ਬਣਾਉਣ ਤੋਂ ਲੈ ਕੇ ਅੰਤਰਰਾਸ਼ਟਰੀ ਚਾਰਟ ਵਿੱਚ ਸਿਖਰ 'ਤੇ ਪਹੁੰਚਣ ਤੱਕ, ਉਨ੍ਹਾਂ ਦਾ ਸਫ਼ਰ ਇੰਟਰਨੈਸ਼ਨਲ ਪੱਧਰ ਉੱਪਰ ਵੀ ਕਿਸੇ ਵੀ ਤਰ੍ਹਾਂ ਦੀ ਜਾਣ ਪਹਿਚਾਣ ਦਾ ਮੁਥਾਜ ਨਹੀਂ ਰਿਹਾ ਹੈ।
ਹਾਲ ਹੀ ਦੇ ਦਿਨਾਂ ਵਿੱਚ ਚੰਡੀਗੜ੍ਹ ਤੋਂ ਲੈ ਮੁੰਬਈ ਤੱਕ ਦੇ ਸੰਗੀਤ ਗਲਿਆਰਿਆਂ ਵਿੱਚ ਅਪਣੀ ਬੇਮਿਸਾਲ ਗਾਇਕੀ ਦੀ ਧੱਕ ਪਾਉਣ ਵਾਲੇ ਗਾਇਕ ਦਿਲਜੀਤ ਦੁਸਾਂਝ ਵਿਸ਼ਵ ਮੰਚ 'ਤੇ ਪੰਜਾਬੀ ਸੰਗੀਤ ਅਤੇ ਗਾਇਕੀ ਨੂੰ ਮਿਲ ਰਹੀ ਇਸ ਨੁਮਾਇੰਦਗੀ ਉਪਰ ਕਾਫ਼ੀ ਖੁਸ਼ ਨਜ਼ਰ ਆ ਰਹੇ ਹਨ, ਜਿੰਨ੍ਹਾਂ ਅਪਣੇ ਇਸ ਉਤਸ਼ਾਹ ਭਰੇ ਰੋਂਅ ਦਾ ਪ੍ਰਗਟਾਵਾ ਕਵਰ ਪੇਜ ਸਮੇਤ ਅਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਕੀਤਾ ਹੈ।
ਇਹ ਵੀ ਪੜ੍ਹੋ: