ਚੰਡੀਗੜ੍ਹ:ਪੰਜਾਬੀ ਕਾਮੇਡੀ ਫਿਲਮਾਂ ਦੇ ਕਿੰਗਮੇਕਰ ਹੋਣ ਦਾ ਰੁਤਬਾ ਹਾਸਿਲ ਕਰ ਚੁੱਕੇ ਹਨ ਕਾਮੇਡੀਅਨ-ਅਦਾਕਾਰ ਅਤੇ ਨਿਰਮਾਤਾ ਗੁਰਚੇਤ ਚਿੱਤਰਕਾਰ, ਜੋ ਅਪਣੀ ਇੱਕ ਹੋਰ ਨਵੀਂ ਪੰਜਾਬੀ ਕਾਮੇਡੀ ਫਿਲਮ 'ਜਟਵੈੜ' (ਅੱੜਬ ਪ੍ਰਾਉਣਾ ਭਾਗ ਨੰ 11), ਜੋ ਸ਼ੋਸ਼ਲ ਪਲੇਟਫ਼ਾਰਮ ਉਪਰ ਸਟ੍ਰੀਮ ਹੋਣ ਜਾ ਰਹੀ ਹੈ।
ਗੁਰਚੇਤ ਚਿੱਤਰਕਾਰ ਪ੍ਰੋਡੋਕਸ਼ਨ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਕਾਮੇਡੀ ਫਿਲਮ ਦਾ ਨਿਰਦੇਸ਼ਨ ਬਿਕਰਮ ਗਿੱਲ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਇਸੇ ਪ੍ਰੋਡੋਕਸ਼ਨ ਹਾਊਸ ਦੀ 'ਸਾਂਝਾ ਪੰਜਾਬ' ਵੀ ਨਿਰਦੇਸ਼ਿਤ ਕਰ ਚੁੱਕੇ ਹਨ, ਜਿਸ ਵਿੱਚ ਚੜ੍ਹਦੇ ਅਤੇ ਲਹਿੰਦੇ ਪੰਜਾਬ ਵੱਲੋਂ ਹੰਢਾਏ ਗਏ ਬਟਵਾਰੇ ਦੇ ਦਰਦ ਨੂੰ ਭਾਵਪੂਰਨਤਾ ਨਾਲ ਬਿਆਨ ਕੀਤਾ ਗਿਆ ਹੈ। ਮਾਲਵਾ ਦੇ ਠੇਠ ਦੇਸੀ ਬੈਕਡ੍ਰਾਪ ਦੁਆਲੇ ਬੁਣੀ ਗਈ ਇਸ ਫਿਲਮ ਦਾ ਕਹਾਣੀ-ਡਾਇਲਾਗ ਲੇਖਨ ਅਤੇ ਨਿਰਮਾਣ ਗੁਰਚੇਤ ਚਿੱਤਰਕਾਰ ਦੁਆਰਾ ਕੀਤਾ ਗਿਆ ਹੈ।
ਪੰਜਾਬ ਦੇ ਮਲਵਈ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਦੇ ਥੀਮ ਅਤੇ ਅਹਿਮ ਪਹਿਲੂਆਂ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਅਦਾਕਾਰ ਅਤੇ ਕਾਮੇਡੀਅਨ ਗੁਰਚੇਤ ਚਿੱਤਰਕਾਰ ਨੇ ਦੱਸਿਆ ਕਿ ਹਾਸਿਆਂ ਨੂੰ ਵੰਡਦੀ ਅਤੇ ਚਾਵਾਂ ਨਾਲ ਜ਼ਿੰਦਗੀ ਜਿਉਣ ਦੀ ਪ੍ਰੇਰਨਾ ਦਿੰਦੀ ਇਹ ਫਿਲਮ ਮਿਆਰੀ ਮੰਨੋਰੰਜਨ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗੀ, ਜਿਸ ਵਿੱਚ ਸਾਰੇ ਕਲਾਕਾਰਾਂ ਵੱਲੋਂ ਬਹੁਤ ਹੀ ਉਮਦਾ ਅਦਾਕਾਰੀ ਦਾ ਮੁਜ਼ਾਹਰਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇ ਹੱਸਣ ਨਾਲ ਉਮਰ ਵੱਧਦੀ ਐ ਤਾਂ ਸਾਡਾ ਯਕੀਨ ਕਰੋ, ਅਸੀਂ ਤੁਹਾਨੂੰ ਮਰਨ ਨੀ ਦਿੰਦੇ ਏਦਾਂ ਹੀ ਹਾਸੇ ਵੰਡਦੇ ਰਹਾਂਗੇ।