ਚੰਡੀਗੜ੍ਹ: ਪੰਜਾਬੀ ਕਾਮੇਡੀ ਫਿਲਮਾਂ ਨੂੰ ਨਵੇਂ ਅਯਾਮ ਦੇਣ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗੁਰਚੇਤ ਚਿੱਤਰਕਾਰ, ਜੋ ਅਪਣੀ ਨਵੀਂ ਹਾਸਰਸ ਫਿਲਮ 'ਮਰਤਬਾਨ' ਲੈ ਕੇ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਬਿਹਤਰੀਨ ਅਦਾਕਾਰੀ ਸਮਰੱਥਾ ਦਾ ਇਜ਼ਹਾਰ ਕਰਵਾਉਂਦੀ ਇਹ ਫਿਲਮ ਜਲਦ ਸੋਸ਼ਲ ਪਲੇਟਫ਼ਾਰਮ ਉਪਰ ਰਿਲੀਜ਼ ਕੀਤੀ ਜਾਵੇਗੀ।
'ਸੋਹਲ ਰਿਕਾਰਡਸ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਮੰਨੋਰੰਜਕ ਕਾਮੇਡੀ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਬੌਬੀ ਬਾਜਵਾ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਚਰਚਿਤ ਫਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਦੀ ਨਿਰਦੇਸ਼ਨਾਂ ਕਰ ਚੁੱਕੇ ਹਨ।
ਪਾਲੀਵੁੱਡ ਮੰਨੋਰੰਜਨ ਉਦਯੋਗ ਵਿੱਚ ਚਰਚਾ ਦਾ ਕੇਂਦਰ ਬਣੀ ਉਕਤ ਪੰਜਾਬੀ ਫਿਲਮ ਵਿੱਚਲੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਗੁਰਚੇਤ ਚਿੱਤਰਕਾਰ ਤੋਂ ਇਲਾਵਾ ਮਲਕੀਤ ਮਲੰਗਾ, ਰਜਿੰਦਰ ਰੋਜ਼ੀ, ਰੁਪਿੰਦਰ ਰੂਪੀ, ਮਾਹੀ ਢਿੱਲੋਂ, ਕੁਲਵੰਤ ਗਿੱਲ, ਸਰਬੰਸ ਪ੍ਰਤੀਕ ਸਿੰਘ, ਸਿਮਰਨ ਵੜੈਚ, ਤੇਜਿੰਦਰ ਕੌਰ, ਕਮਲ ਰਾਜਪਾਲ, ਸਾਬੀ ਸੰਧੂ, ਜੱਗੀ ਭੰਗੂ ਆਦਿ ਸ਼ੁਮਾਰ ਹਨ।