ਚੰਡੀਗੜ੍ਹ: ਆਨ ਫਲੌਰ ਪੜਾਅ ਦਾ ਹਿੱਸਾ ਬਣ ਚੁੱਕੀ ਬੱਬੂ ਮਾਨ ਦੀ ਬਹੁ-ਚਰਚਿਤ ਪੰਜਾਬੀ ਫਿਲਮ 'ਸ਼ੌਂਕੀ ਸਰਦਾਰ' ਦਾ ਅਦਾਕਾਰ ਗੁੱਗੂ ਗਿੱਲ ਵੀ ਅਹਿਮ ਹਿੱਸਾ ਬਣ ਗਏ ਹਨ, ਜੋ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।
'ਬੋਸ ਮਿਊਜ਼ਿਕਲ ਰਿਕਾਰਡਜ਼' ਦੇ ਬੈਨਰ ਅਤੇ '751 ਫਿਲਮਜ਼' ਦੀ ਐਸੋਸੀਏਸ਼ਨ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਕਰ ਰਹੇ ਹਨ, ਜੋ ਬਤੌਰ ਲੇਖਕ ਅਤੇ ਨਿਰਦੇਸ਼ਕ 'ਤੁਫੰਗ', 'ਅੜਬ ਮੁਟਿਆਰਾਂ', 'ਸਾਡੀ ਲਵ ਸਟੋਰੀ', 'ਇਸ਼ਕ ਗਰਾਰੀ', 'ਸਿੰਘ ਵਰਸਿਜ਼ ਕੌਰ', 'ਗੋਲਕ ਬੁਗਨੀ ਬੈਂਕ ਤੇ ਬਟੂਆ', 'ਜਿੰਦੂਆ', 'ਮੇਲ ਕਰਾਂਦੇ ਰੱਬਾ', 'ਅੰਬਰਸਰੀਆ', 'ਕੈਪਟਨ' ਜਿਹੀਆਂ ਕਈ ਵੱਡੀਆਂ ਅਤੇ ਬਹੁ-ਚਰਚਿਤ ਫਿਲਮਾਂ ਦਾ ਸ਼ਾਨਦਾਰ ਹਿੱਸਾ ਰਹੇ ਹਨ।
ਨਿਰਮਾਤਾਵਾਂ ਇਸ਼ਾਨ ਕਪੂਰ, ਸ਼ਾਹ ਜੰਡਿਆਲੀ ਅਤੇ ਧਰਮਿੰਦਰ ਦੁਆਰਾ ਬਹੁ-ਕਰੋੜੀ ਬਜਟ ਅਤੇ ਮਲਟੀ-ਸਟਾਰਰ ਸੈਟਅੱਪ ਅਧੀਨ ਬਣਾਈ ਜਾ ਰਹੀ ਉਕਤ ਐਕਸ਼ਨ-ਡਰਾਮਾ ਪੰਜਾਬੀ ਫਿਲਮ ਦਾ ਪਹਿਲਾਂ ਸ਼ੈਡਿਊਲ ਇੰਨੀਂ ਦਿਨੀਂ ਮੋਹਾਲੀ ਲਾਗਲੇ ਇਲਾਕਿਆਂ ਵਿੱਚ ਤੇਜ਼ੀ ਨਾਲ ਸੰਪੂਰਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਲੀਡਿੰਗ ਅਤੇ ਪੈਰੇਲਰ ਭੂਮਿਕਾਵਾਂ ਨਿਭਾ ਰਹੇ ਬੱਬੂ ਮਾਨ ਅਤੇ ਗੁਰੂ ਰੰਧਾਵਾ ਤੋਂ ਇਲਾਵਾ ਰਿੰਪਲ ਭੁੱਲਰ ਵੀ ਹਿੱਸਾ ਲੈ ਰਹੇ ਹਨ।