ਚੰਡੀਗੜ੍ਹ: ਹਾਲ ਹੀ ਵਿੱਚ ਐਲਾਨੀ ਗਈ ਅਤੇ ਪੰਜਾਬੀ ਸਿਨੇਮਾ ਦੀਆਂ ਬਹੁ-ਚਰਚਿਤ ਫਿਲਮਾਂ ਵਿੱਚ ਸ਼ੁਮਾਰ ਹੋ ਚੁੱਕੀ 'ਅਕਾਲ' ਦਰਸ਼ਕਾਂ ਦੀ ਉਡੀਕ ਨੂੰ ਖਤਮ ਕਰਦਿਆਂ ਆਖ਼ਰ ਸੈੱਟ ਉਤੇ ਪੁੱਜ ਗਈ ਹੈ, ਜਿਸ ਦਾ ਲੇਖਨ ਅਤੇ ਨਿਰਦੇਸ਼ਨ ਗਿੱਪੀ ਗਰੇਵਾਲ ਕਰ ਰਹੇ ਹਨ।
'ਹੰਬਲ ਮੋਸ਼ਨ ਪਿਕਚਰਜ਼' ਵੱਲੋਂ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ, ਸਹਿ ਨਿਰਮਾਤਾ ਭਾਨਾ ਐਲਏ ਅਤੇ ਵਿਨੋਦ ਅਸਵਾਲ ਹਨ, ਜਦਕਿ ਕਾਰਜਕਾਰੀ ਨਿਰਮਾਤਾ ਵਜੋਂ ਕਮਾਂਡ ਹਰਦੀਪ ਦੁੱਲਟ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ ਗਿੱਪੀ ਅਤੇ ਉਨਾਂ ਦੇ ਹੋਮ ਪ੍ਰੋਡੋਕਸ਼ਨ ਦੁਆਰਾ ਬਣਾਈਆਂ ਗਈਆਂ ਬੇਸ਼ੁਮਾਰ ਫਿਲਮਾਂ ਨੂੰ ਸ਼ਾਨਦਾਰ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾਅ ਚੁੱਕੇ ਹਨ।
ਮੋਹਾਲੀ-ਖਰੜ ਲਾਗਲੇ ਇਲਾਕਿਆਂ ਵਿੱਚ ਫਿਲਮਾਈ ਜਾ ਰਹੀ ਉਕਤ ਫਿਲਮ ਦੇ ਸ਼ੁਰੂ ਹੋਏ ਪਹਿਲੇ ਪੜਾਅ ਸ਼ੈਡਿਊਲ ਵਿੱਚ ਜਿੰਨ੍ਹਾਂ ਐਕਟਰਜ਼ ਵੱਲੋਂ ਅਪਣੀ ਮੌਜ਼ੂਦਗੀ ਦਰਜ਼ ਕਰਵਾਈ ਗਈ ਉਨ੍ਹਾਂ ਵਿੱਚ ਲੀਡ ਰੋਲ ਅਦਾ ਕਰ ਰਹੇ ਗਿੱਪੀ ਗਰੇਵਾਲ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲਜੀਤ ਸਿੰਘ ਅਤੇ ਜੱਗੀ ਸਿੰਘ ਵੀ ਸ਼ਾਮਿਲ ਰਹੇ, ਜੋ ਇਸ ਪੀਰੀਅਡ ਡਰਾਮਾ ਫਿਲਮ ਵਿੱਚ ਕਾਫ਼ੀ ਮਹੱਤਵਪੂਰਨ ਅਤੇ ਸਪੋਰਟਿੰਗ ਕਿਰਦਾਰਾਂ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣਗੇ।