ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਪਹਿਚਾਣ ਅਤੇ ਸਫਲ ਮੁਕਾਮ ਹਾਸਿਲ ਕਰ ਚੁੱਕੇ ਹਨ ਗਾਇਕ ਗਿੱਲ ਹਰਦੀਪ ਅਤੇ ਗਾਇਕਾ ਸੁਦੇਸ਼ ਕੁਮਾਰੀ, ਜੋ ਅਪਣੇ ਇੱਕ ਵਿਸ਼ੇਸ਼ ਕਲੋਬਰੇਟ ਗਾਣੇ 'ਆਥਣ ਵੇਲਾ' ਲਈ ਇਕੱਠੇ ਹੋਏ ਹਨ, ਜਿੰਨ੍ਹਾਂ ਦੋਹਾਂ ਦੀ ਮਨਮੋਹਕ ਪੇਸ਼ਕਾਰੀ ਅਧੀਨ ਸਜਿਆ ਇਹ ਟਰੈਕ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।
'ਰਾਏ ਬੀਟਸ ਰਿਕਾਰਡਜ਼' ਅਤੇ 'ਜਤਿੰਦਰ ਧੂੜਕੋਟ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਆਵਾਜ਼ ਗਿੱਲ ਹਰਦੀਪ ਨੇ ਦਿੱਤੀ ਹੈ, ਜਿੰਨ੍ਹਾਂ ਦੇ ਇਸ ਨਵੇਂ ਗੀਤ ਨੂੰ ਚਾਰ ਚੰਨ ਲਾਉਣ ਵਿੱਚ ਗਾਇਕਾ ਸੁਦੇਸ਼ ਕੁਮਾਰੀ ਵੱਲੋਂ ਕੀਤੀ ਫੀਚਰਿੰਗ ਅਹਿਮ ਭੂਮਿਕਾ ਨਿਭਾਵੇਗੀ।
ਪੰਜਾਬ ਦੇ ਪੁਰਾਤਨ ਸਮੇਂ, ਸੱਭਿਆਚਾਰਕ ਵੰਨਗੀਆਂ ਅਤੇ ਖੇਤਾਂ ਵਿੱਚ ਬੀਤਣ ਵਾਲੀ ਸਾਂਝ ਢਲੀ ਵੇਲਿਆਂ ਦੀ ਗੱਲ ਕਰਦੇ ਇਸ ਗਾਣੇ ਦੇ ਸ਼ਬਦ ਅਤੇ ਕੰਪੋਜੀਸ਼ਨ ਜਤਿੰਦਰ ਧੂੜਕੋਟ ਦੁਆਰਾ ਸਿਰਜੇ ਗਏ ਹਨ, ਜਦਕਿ ਇਸ ਦਾ ਮਿਊਜ਼ਿਕ ਅਤੇ ਵੀਡੀਓ ਨਿੰਮਾ ਵਿਰਕ ਦੁਆਰਾ ਤਿਆਰ ਕੀਤਾ ਗਿਆ, ਜੋ ਖੁਦ ਪੰਜਾਬੀ ਸੰਗੀਤਕ ਇੰਡਸਟਰੀ ਦੇ ਵੱਡੇ ਨਾਵਾਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ।
ਅਸਲ ਪੰਜਾਬ ਦੀ ਤਸਵੀਰ ਪੇਸ਼ ਕਰਦੇ ਇਸ ਗਾਣੇ ਦੀ ਡਿਜ਼ਾਇਨਿੰਗ ਸਰਦਾਰ ਸਾਹਿਬ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਅਨੁਸਾਰ ਗਿੱਲ ਹਰਦੀਪ ਵੱਲੋਂ ਗਾਏ ਅਤੇ ਸਿਰਜੇ ਜਾਂਦੇ ਹਰ ਗਾਣੇ ਦੀ ਤਰ੍ਹਾਂ ਉਕਤ ਗੀਤ ਨੂੰ ਵੀ ਅਸਲ ਪੰਜਾਬੀ ਮਾਹੌਲ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ, ਜੋ ਸਾਡੇ ਸਰਮਾਏ ਅਤੇ ਰੀਤੀ ਰਿਵਾਜ਼ਾਂ ਨੂੰ ਸਹੇਜਨ ਵਿੱਚ ਵੀ ਅਹਿਮ ਯੋਗਦਾਨ ਪਾਵੇਗਾ।
ਮੂਲ ਰੂਪ ਵਿੱਚ ਮਾਲਵੇ ਦੇ ਜ਼ਿਲ੍ਹਾ ਨਾਲ ਸੰਬੰਧਤ ਅਤੇ ਅੱਜਕਲ੍ਹ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਐਬਟਸਫੋਰਡ ਵੱਸਦੇ ਗਿੱਲ ਹਰਦੀਪ ਵਿਦੇਸ਼ ਵਸੇਬਾ ਕਰਨ ਦੇ ਬਾਵਜੂਦ ਆਪਣੀਆਂ ਅਸਲ ਜੜਾਂ ਅਤੇ ਮਿਆਰੀ ਗਾਇਕੀ ਨਾਲ ਪੂਰਨ ਤੌਰ ਉਤੇ ਜੁੜੇ ਹੋਏ ਹਨ, ਜਿਸ ਦਾ ਪ੍ਰਗਟਾਵਾ ਉਨ੍ਹਾਂ ਦੇ ਲਗਾਤਾਰ ਹੋ ਰਹੇ ਪਰਿਵਾਰਿਕ ਗੀਤ ਭਲੀਭਾਂਤ ਕਰਵਾ ਰਹੇ ਹਨ। ਹੁਣ ਤੱਕ ਦੇ ਗਾਇਕੀ ਕਰੀਅਰ ਦੌਰਾਨ ਕਈ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾ ਚੁੱਕੇ ਹਨ ਗਿੱਲ ਹਰਦੀਪ, ਜਿੰਨ੍ਹਾਂ ਦਾ ਉਕਤ ਗੀਤ 21 ਜੂਨ ਨੂੰ ਜਾਰੀ ਹੋਵੇਗਾ।