ਚੰਡੀਗੜ੍ਹ: ਪੰਜਾਬੀ ਫਿਲਮਾਂ ਅਤੇ ਓਟੀਟੀ ਦਾ ਮੁਹਾਂਦਰਾ ਇੰਨੀਂ ਦਿਨੀਂ ਕਾਫ਼ੀ ਰੰਗ ਅਖ਼ਤਿਆਰ ਕਰਦਾ ਨਜ਼ਰੀ ਆ ਰਿਹਾ ਹੈ, ਜਿਸ ਦੀ ਵੰਨ-ਸਵੰਨਤਾ ਭਰੇ ਸਾਂਚੇ ਵਿੱਚ ਢੱਲ ਰਹੀ ਇਸੇ ਮੌਜੂਦਾ ਦ੍ਰਿਸ਼ਾਂਵਲੀ ਦਾ ਭਲੀਭਾਂਤ ਪ੍ਰਗਟਾਵਾ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਅਤੇ ਆਫ਼ ਬੀਟ ਪੰਜਾਬੀ ਵੈੱਬ ਸੀਰੀਜ਼ 'ਦਾਰੋ', ਜੋ ਜਲਦ ਓਟੀਟੀ ਸਟ੍ਰੀਮ ਹੋਣ ਜਾ ਰਹੀ ਹੈ।
'ਕੇਬਲਵਨ' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਅਯਾਤ ਫਿਲਮਜ਼ ਦੀ ਇਨ ਐਸੋਸੀਏਸ਼ਨ' ਅਧੀਨ ਬਣਾਈ ਗਈ ਇਸ ਵੈੱਬ ਸੀਰੀਜ਼ ਦਾ ਨਿਰਮਾਣ ਫ਼ਤਹਿ ਚਾਹਲ ਵੱਲੋਂ ਕੀਤਾ ਗਿਆ ਹੈ, ਜਦਕਿ ਲੇਖਨ ਅਤੇ ਨਿਰਦੇਸ਼ਨ ਜ਼ਿੰਮੇਵਾਰੀ ਨੂੰ ਅਮਰਦੀਪ ਸਿੰਘ ਗਿੱਲ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜੋ ਕਾਫ਼ੀ ਲੰਮੇ ਵਕਫ਼ੇ ਬਾਅਦ ਪੰਜਾਬੀ ਫਿਲਮ ਉਦਯੋਗ ਵਿੱਚ ਸ਼ਾਨਦਾਰ ਵਾਪਸੀ ਕਰਨ ਜਾ ਰਹੇ ਹਨ।
ਮਾਲਵਾ ਦੇ ਜ਼ਿਲ੍ਹਾ ਬਠਿੰਡਾ ਅਤੇ ਇਸ ਦੇ ਲਾਗਲੇ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਵੈੱਬ ਸੀਰੀਜ਼ ਦੀ ਸਟਾਰ-ਕਾਸਟ ਵਿੱਚ ਕੁੱਲ ਸਿੱਧੂ, ਨਵੀ ਭੰਗੂ, ਬਲਵਿੰਦਰ ਧਾਲੀਵਾਲ, ਗੁਰੀ ਤੂਰ, ਅਮਨ ਸੁਤਧਾਰ, ਹਰਿੰਦਰ ਭੁੱਲਰ, ਹੈਰੀ ਚੌਹਾਨ, ਮਨੀ ਕੁਲਰਾਓ, ਰਾਹੁਲ ਜੁਗਰਾਲ, ਸਮਰਿਤੀ ਬਾਜਵਾ ਆਦਿ ਸ਼ੁਮਾਰ ਹਨ।