ਚੰਡੀਗੜ੍ਹ:ਸੰਗੀਤ ਅਤੇ ਅਦਾਕਾਰੀ ਦੇ ਖੇਤਰ ਵਿੱਚ ਬਤੌਰ ਗਾਇਕ ਅਤੇ ਅਦਾਕਾਰ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਿਹਾ ਹੈ ਪ੍ਰਤਿਭਾਸ਼ਾਲੀ ਨੌਜਵਾਨ ਸੁਖਬੀਰ ਗਿੱਲ, ਜੋ ਹੁਣ ਨਿਰਦੇਸ਼ਕ ਦੇ ਰੂਪ ਵਿੱਚ ਵੀ ਨਵੇਂ ਦਿਸਹਿੱਦੇ ਸਿਰਜਣ ਵੱਲ ਤੇਜ਼ੀ ਨਾਲ ਅੱਗੇ ਵੱਧਦਾ ਜਾ ਰਿਹਾ ਹੈ, ਜਿਸ ਦੇ ਦਿਨ-ਬ-ਦਿਨ ਹੋਰ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਇਸ ਦਾਇਰੇ ਦਾ ਹੀ ਇਜ਼ਹਾਰ ਕਰਵਾਉਣ ਵਿੱਚ ਸਫ਼ਲ ਰਿਹਾ ਹੈ ਉਨ੍ਹਾਂ ਦਾ ਨਵਾਂ ਨਿਰਦੇਸ਼ਿਤ ਮਿਊਜ਼ਿਕ ਵੀਡੀਓ 'ਸਿਫ਼ਤ', ਜਿਸ ਨੂੰ ਚਾਰੇ-ਪਾਸੇ ਖਾਸੀ ਪ੍ਰਸ਼ੰਸਾ ਮਿਲ ਰਹੀ ਹੈ।
ਪੰਜਾਬੀ ਸੰਗੀਤ ਮਾਰਕੀਟ ਵਿੱਚ ਜਾਰੀ ਹੋਏ ਅਤੇ ਪਰਮੀਸ਼ ਵਰਮਾ ਵੱਲੋਂ ਗਾਏ ਉਕਤ ਟ੍ਰੈਕ ਦੇ ਬੋਲ ਅਮਰਿੰਦਰ ਭੰਗੂ ਵੱਲੋਂ ਲਿਖੇ ਗਏ ਹਨ, ਜਦਕਿ ਸੰਗੀਤਬੱਧਤਾ ਸ਼ੇਖ ਮਿਊਜ਼ਿਕ ਵੱਲੋਂ ਅੰਜ਼ਾਮ ਦਿੱਤੀ ਗਈ ਹੈ। ਸੰਗੀਤਕ ਗਲਿਆਰਿਆਂ ਵਿੱਚ ਖਿੱਚ ਅਤੇ ਚਰਚਾ ਦਾ ਵਿਸ਼ਾ ਬਣੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਨਿਰਦੇਸ਼ਕ ਸੁਖਬੀਰ ਗਿੱਲ ਵੱਲੋਂ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਨੂੰ ਹਿਮਾਚਲ ਪ੍ਰਦੇਸ਼ ਦੇ ਖੂਬਸੂਰਤ ਹਿੱਸਿਆਂ ਧਰਮਸ਼ਾਲਾ ਅਤੇ ਇਸ ਦੇ ਲਾਗਲੇ ਇਲਾਕਿਆਂ ਵਿੱਚ ਸ਼ੂਟ ਕੀਤਾ ਗਿਆ ਹੈ।
ਬਿੱਗ ਸੈਟਅੱਪ ਅਧੀਨ ਸਾਹਮਣੇ ਲਿਆਂਦੇ ਗਏ ਉਕਤ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਬਾਲੀਵੁੱਡ ਅਦਾਕਾਰਾ ਮਾਹਿਰਾ ਸ਼ਰਮਾ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿਸ ਨੂੰ ਮਿਲ ਰਹੀ ਸਫਲਤਾ ਅਤੇ ਸਲਾਹੁਤਾ ਨੂੰ ਲੈ ਕੇ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ ਬਹੁ-ਪੱਖੀ ਕਲਾਵਾਂ ਦੇ ਧਨੀ ਇਹ ਹੋਣਹਾਰ ਨਿਰਦੇਸ਼ਕ, ਜਿੰਨ੍ਹਾਂ ਇਸੇ ਸੰਬੰਧੀ ਅਪਣੇ ਮਨ ਦੇ ਵਲਵਲੇ ਬਿਆਨ ਕਰਦਿਆਂ ਦੱਸਿਆ, "ਮੇਰੀ ਜ਼ਿੰਦਗੀ ਅਤੇ ਕਰੀਅਰ ਲਈ ਇੱਕ ਅਹਿਮ ਟਰਨਿੰਗ ਪੁਆਇੰਟ ਵਾਂਗ ਰਿਹਾ ਹੈ ਉਕਤ ਸੰਗੀਤਕ ਵੀਡੀਓ ਪ੍ਰੋਜੈਕਟ, ਜਿਸ ਲਈ ਛੋਟੇ ਵੀਰ ਵਾਂਗ ਸਤਿਕਾਰ ਦਿੰਦੇ ਪਰਮੀਸ਼ ਵਰਮਾ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਨਾ ਚਾਹਾਂਗਾ, ਜਿੰਨ੍ਹਾਂ ਨਿਰਦੇਸ਼ਕ ਦੇ ਰੂਪ ਵਿੱਚ ਮੇਰੀਆਂ ਸਮਰੱਥਾਵਾਂ ਪ੍ਰਤੀ ਵਿਸ਼ਵਾਸ ਪ੍ਰਗਟਾਉਂਦਿਆਂ ਇੰਨ੍ਹਾਂ ਮਾਣਮੱਤਾ ਅਵਸਰ ਝੋਲੀ ਪਾਇਆ।
ਹਾਲ ਹੀ ਵਿੱਚ ਨਿਰਦੇਸ਼ਿਤ ਕੀਤੇ ਅਪਣੇ ਇੱਕ ਹੋਰ ਵੱਡੇ ਅਤੇ ਹਿੰਦੀ ਮਿਊਜ਼ਿਕ ਵੀਡੀਓ 'ਆਖਰੀ ਮੁਲਾਕਾਤ' ਨੂੰ ਲੈ ਕੇ ਵੀ ਖਾਸੀ ਚਰਚਾ ਵਿਚ ਰਿਹਾ ਹੈ ਇਹ ਬਾਕਮਾਲ ਗਾਇਕ ਅਤੇ ਨਿਰਦੇਸ਼ਕ, ਜਿਸ ਦੇ ਇਸ ਸੰਗੀਤਕ ਵੀਡੀਓ ਸੰਬੰਧਤ ਟਰੈਕ ਨੂੰ ਅਵਾਜ਼ਾਂ ਮੈਰੀਨ ਜੇਮਜ਼ ਅਤੇ ਜਾਵੇਦ ਅਲੀ ਵੱਲੋਂ ਦਿੱਤੀਆਂ ਗਈਆਂ ਸਨ, ਜਦਕਿ ਫੀਚਰਿੰਗ ਟੈਲੀਵਿਜ਼ਨ ਦੇ ਚਰਚਿਤ ਸਿਤਾਰਿਆਂ ਸ਼ਰਦ ਮਲਹੋਤਰਾ ਅਤੇ ਪ੍ਰਭ ਗਰੇਵਾਲ ਵੱਲੋਂ ਅੰਜ਼ਾਮ ਦਿੱਤੀ ਗਈ।