ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਫਿਲਮ ਉਦਯੋਗ ਤੋਂ ਇਲਾਵਾ ਸਟੇਜ ਸ਼ੋਅ ਦੀ ਦੁਨੀਆ ਵਿੱਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਹਾਸਿਲ ਕਰਨ ਵਿੱਚ ਸਫ਼ਲ ਰਹੀ ਹੈ ਅਦਾਕਾਰਾ, ਗਾਇਕਾ ਅਤੇ ਐਂਕਰ ਸਤਿੰਦਰ ਸੱਤੀ, ਜੋ ਜਲਦ ਹੀ ਬਤੌਰ ਹੋਸਟ ਅਪਣਾ ਨਵਾਂ ਮੰਨੋਰੰਜਕ ਸ਼ੋਅ ਲੈ ਕੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜਿਸ ਦਾ ਪ੍ਰਸਾਰਣ ਜਲਦ ਪੰਜਾਬੀ ਓਟੀਟੀ ਪਲੇਟਫ਼ਾਰਮ ਉਪਰ ਸ਼ੁਰੂ ਹੋਣ ਜਾ ਰਿਹਾ ਹੈ।
'ਕੇਬਲ ਵਨ ਓਟੀਟੀ' ਪਲੇਟਫ਼ਾਰਮ ਉਪਰ ਸਟ੍ਰੀਮ ਹੋਣ ਜਾ ਰਹੇ ਉਕਤ ਮੰਨੋਰੰਜਕ ਸ਼ੋਅ ਦਾ ਅਗਾਜ਼ 10 ਜਨਵਰੀ ਤੋਂ ਹੋਵੇਗਾ, ਜਿਸ ਵਿੱਚ ਇੰਟਰਟੇਨਮੈਂਟ ਅਤੇ ਸੰਗੀਤ ਜਗਤ ਦੀਆਂ ਮੰਨੀਆਂ-ਪ੍ਰਮੰਨੀਆਂ ਸ਼ਖਸ਼ੀਅਤਾਂ ਅਪਣੀ ਉਪ-ਸਥਿਤੀ ਦਰਜ ਕਰਵਾਉਣਗੀਆਂ, ਜਿੰਨ੍ਹਾਂ ਦੀ ਜ਼ਿੰਦਗੀ, ਸੰਘਰਸ਼ ਅਤੇ ਸਫ਼ਲਤਾ ਪੜਾਵਾਂ ਨੂੰ ਪ੍ਰਤੀਬਿੰਬ ਕੀਤਾ ਜਾਵੇਗਾ।
ਪੰਜਾਬ ਦੇ ਇਤਿਹਾਸਿਕ ਸ਼ਹਿਰ ਬਟਾਲਾ ਨਾਲ ਸੰਬੰਧ ਰੱਖਦੀ ਪ੍ਰਤਿਭਾਵਾਨ ਅਤੇ ਬਹੁ-ਪੱਖੀ ਹਸਤੀ ਸਤਿੰਦਰ ਸੱਤੀ ਦੇ ਜੀਵਨ ਸਫ਼ਰ ਅਤੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਨੇ ਆਰਆਰ ਬਾਵਾ ਡੀਏਵੀ ਕਾਲਜ, ਬਟਾਲਾ ਤੋਂ ਆਪਣੀ ਬੈਚਲਰ ਡਿਗਰੀ ਪ੍ਰਾਪਤ ਕੀਤੀ ਅਤੇ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਕਾਨੂੰਨ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ।
ਜਿੰਨ੍ਹਾਂ ਇਸੇ ਪੜਾਵਾਂ ਦੌਰਾਨ ਅਪਣੀਆਂ ਬਹੁ-ਕਲਾਵਾਂ ਨੂੰ ਵਿਸਥਾਰ ਦੇਣ ਦਾ ਮਾਣ ਵੀ ਗਾਹੇ-ਬਗਾਹੇ ਹਾਸਿਲ ਕੀਤਾ, ਜਿਸ ਮੱਦੇਨਜ਼ਰ ਹੀ ਉਨ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਯੂਥ ਫੈਸਟੀਵਲਾਂ ਵਿੱਚ ਐਂਕਰ ਵਜੋਂ ਸ਼ੁਰੂਆਤ ਕਰਦਿਆਂ ਦੂਰਦਰਸ਼ਨ, ਅਲਫ਼ਾ ਪੰਜਾਬੀ, ਈਟੀਸੀ ਅਤੇ ਪੀਟੀਸੀ ਚੈਨਲਾਂ ਉਪਰ ਵੀ ਬੇਸ਼ੁਮਾਰ ਲੋਕਪ੍ਰਿਆ ਸ਼ੋਅਜ਼ ਨੂੰ ਸਫਲਤਾਪੂਰਵਕ ਅੰਜ਼ਾਮ ਦਿੱਤਾ।
ਦੁਨੀਆਂ ਭਰ ਵਿੱਚ ਅਪਣੀ ਸ਼ਾਨਦਾਰ ਸਟੇਜ ਮੌਜ਼ੂਦਗੀ ਦਾ ਲੋਹਾ ਮੰਨਵਾ ਚੁੱਕੀ ਸਤਿੰਦਰ ਸੱਤੀ ਵੱਲੋਂ ਹੋਸਟ ਕੀਤੇ ਅਣਗਿਣਤ ਟੀਵੀ ਅਤੇ ਸਟੇਜ ਸ਼ੋਅਜ਼ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਦੀ ਲੋਕਪ੍ਰਿਯਤਾ ਦਾ ਸਿਲਸਿਲਾ ਅੱਜ ਲਗਭਗ ਦੋ ਦਹਾਕਿਆਂ ਬਾਅਦ ਵੀ ਜਿਓ ਦਾ ਤਿਓ ਕਾਇਮ ਹੈ।
ਇਹ ਵੀ ਪੜ੍ਹੋ: