ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਦਿੱਗਜ ਨਿਰਦੇਸ਼ਕ ਵਜੋਂ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਬਲਬੀਰ ਬੇਗਮਪੁਰੀ, ਜੋ ਲੰਮੇਰੇ ਸਾਲਾਂ ਦੀ ਚੁੱਪ ਬਾਅਦ ਸਿਨੇਮਾ ਦੀ ਦੁਨੀਆਂ ਵਿੱਚ ਮੁੜ ਅਪਣੀ ਪ੍ਰਭਾਵੀ ਮੌਜ਼ੂਦਗੀ ਦਾ ਇਜ਼ਹਾਰ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਉਨ੍ਹਾਂ ਦੀ ਪਹਿਲੀ ਹਿੰਦੀ ਫਿਲਮ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
ਸਾਲ 1988 ਵਿੱਚ ਆਈ 'ਧੀ ਰਾਣੀ' ਅਤੇ ਸਾਲ 2013 ਵਿੱਚ ਰਿਲੀਜ਼ ਹੋਈ 'ਪਗੜੀ ਸਿੰਘ ਦਾ ਤਾਜ' ਜਿਹੀਆਂ ਬਿਹਤਰੀਨ ਅਤੇ ਅਰਥ-ਭਰਪੂਰ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਇਹ ਬਾਕਮਾਲ ਫਿਲਮਕਾਰ, ਜੋ ਲਕੀਰ ਦਾ ਫਕੀਰ ਹੋਣ ਦੀ ਬਜਾਏ ਅਪਣੀਆਂ ਅਲੱਗ ਪੈੜਾਂ ਦੀ ਸਿਰਜਣਾ ਕਰਨਾ ਵਧੇਰੇ ਪਸੰਦ ਕਰਦੇ ਆ ਰਹੇ ਹਨ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੀਆਂ ਫਿਲਮਾਂ ਬਹੁ-ਪਰਿਵਾਰਾਂ ਦੀ ਹਰਮਨ-ਪਿਆਰਤਾ ਹਾਸਿਲ ਕਰਨ ਵਿੱਚ ਸਫ਼ਲ ਰਹੀਆਂ ਹਨ।
ਮੂਲ ਰੂਪ ਵਿੱਚ ਪੰਜਾਬ ਦੇ ਦੁਆਬਾ ਖਿੱਤੇ ਨਾਲ ਸੰਬੰਧਤ ਨਿਰਦੇਸ਼ਕ ਬਲਬੀਰ ਬੇਗਮਪੁਰੀ ਪੰਜਾਬੀ ਸਿਨੇਮਾ ਦੇ ਅਜ਼ੀਮ ਨਿਰਦੇਸ਼ਕ ਰਹੇ ਮਰਹੂਮ ਵਰਿੰਦਰ ਨਾਲ ਵੀ ਲੰਮਾਂ ਸਮਾਂ ਕਾਰਜਸ਼ੀਲ ਰਹੇ ਹਨ ਅਤੇ ਉਨ੍ਹਾਂ ਦੀਆਂ ਬੇਸ਼ੁਮਾਰ ਫਿਲਮਾਂ ਨੂੰ ਚਾਰ-ਚੰਨ ਲਾਉਣ ਵਿੱਚ ਉਨ੍ਹਾਂ ਅਹਿਮ ਭੂਮਿਕਾ ਨਿਭਾਈ ਹੈ।