ਅੰਮ੍ਰਿਤਸਰ: ਰਿਹਾਇਸ਼ੀ ਇਲਾਕੇ ਨਿਊ ਗੋਲਡਨ ਐਵਨਿਊ ਵਿੱਚ ਉਸ ਵੇਲੇ ਦਹਿਸ਼ਤ ਮੱਚ ਗਈ ਜਦੋਂ ਉੱਥੇ ਇੱਕ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਲਗਾਤਾਰ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਲਾਕੇ ਵਿੱਚ ਇੱਕ ਕੈਮੀਕਲ ਦੀ ਫੈਕਟਰੀ ਵੀ ਚੱਲ ਰਹੀ ਹੈ ਪਰ ਕਰੀਬ ਰਾਤ 8:30 ਵਜੇ ਦੀ ਲੱਗੀ ਅੱਗ ਉੱਤੇ ਕਾਬੂ ਪਾਉਣ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਅੱਧੀ ਰਾਤ ਤੋਂ ਜ਼ਿਆਦਾ ਦਾ ਸਮਾਂ ਬੀਤ ਗਿਆ।
ਕਰੋੜਾਂ ਦਾ ਸਮਾਨ ਸੜ ਕੇ ਸੁਆਹ
ਅੱਗ ਲੱਗਣ ਦੇ ਨਾਲ ਫੈਕਟਰੀ ਅਤੇ ਉਸ ਦੇ ਨਾਲ ਇੱਕ ਮੈਡੀਸਨ ਦੀ ਦੁਕਾਨ ਸੜ ਕੇ ਰਾਖ ਹੋ ਗੀ ਅਤੇ ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਵੀ ਹੋਇਆ। ਇਸ ਦੌਰਾਨ ਮੁਹੱਲਾ ਵਾਸੀਆਂ ਨੇ ਰੋਸ ਜਤਾਉਂਦੇ ਹੋਏ ਕਿਹਾ ਕਿ ਰਿਹਾਇਸ਼ੀ ਇਲਾਕੇ ਵਿੱਚ ਫੈਕਟਰੀ ਬਣਨ ਨਾਲ ਪੂਰੇ ਇਲਾਕੇ ਨੂੰ ਖਤਰਾ ਹੈ ਅਤੇ ਪੂਰਾ ਮੁਹੱਲਾ ਮੰਗ ਕਰਦਾ ਹੈ ਕਿ ਇਹ ਫੈਕਟਰੀ ਇਲਾਕੇ ਵਿੱਚੋਂ ਬਾਹਰ ਹੋਣੀ ਚਾਹੀਦੀ ਹੈ। ਦੂਜੇ ਪਾਸੇ ਮੈਡੀਸਨ ਦੀ ਦੁਕਾਨ ਉੱਤੇ ਕੰਮ ਕਰਨ ਵਾਲੀ ਲੜਕੀ ਨੇ ਦੱਸਿਆ ਕਿ ਫੈਕਟਰੀ ਦੇ ਵਿੱਚ ਅੱਗ ਲੱਗਣ ਨਾਲ ਉਹਨਾਂ ਦੀ ਦੁਕਾਨ ਵੀ ਇਸ ਅੱਗ ਦੀ ਚਪੇਟ ਵਿੱਚ ਆ ਗਈ। ਜਿਸ ਕਾਰਨ ਦੁਕਾਨ ਦੇ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ।
ਅੱਗ ਉੱਤੇ ਪਾਇਆ ਕਾਬੂ
ਮੌਕੇ ਉੱਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ 10 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਪਹੁੰਚ ਕੇ ਤਿੰਨ ਘੰਟਿਆਂ ਬਾਅਦ ਅੱਗ ਉੱਤੇ ਕਾਬੂ ਪਾਇਆ। ਇਸ ਦੌਰਾਨ ਫਾਇਰ ਬ੍ਰਿਗੇਡ ਅਫਸਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਨੂੰ ਦੇਰ ਰਾਤ ਫੋਨ ਆਇਆ ਸੀ ਕਿ ਗੋਲਡਨ ਐਵਨਿਊ ਵਿਖੇ ਇੱਕ ਫੈਕਟਰੀ ਵਿੱਚ ਅੱਗ ਲੱਗੀ ਹੈ। ਉਸ ਤੋਂ ਬਾਅਦ ਫਾਇਰ ਬ੍ਰਗੇਡ ਦੀਆਂ ਗੱਡੀਆਂ ਨੇ ਮੌਕੇ ਉੱਤੇ ਪਹੁੰਚ ਕੇ ਅੱਗ ਉੱਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਸਕਿਆ।