ਚੰਡੀਗੜ੍ਹ: ਬਾਲੀਵੁੱਡ ਅਤੇ ਟੈਲੀਵਿਜ਼ਨ ਦੀ ਦੁਨੀਆਂ 'ਚ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੀ ਹੈ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ, ਜੋ ਇੱਕ ਵਾਰ ਫਿਰ ਅਪਣੀ ਅਸਲ ਕਰਮਭੂਮੀ ਰਹੇ ਪੰਜਾਬੀ ਸਿਨੇਮਾ ਖੇਤਰ ਵਿੱਚ ਅਪਣੀ ਸ਼ਾਨਦਾਰ ਮੌਜ਼ੂਦਗੀ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣ ਜਾ ਰਹੀ ਹੈ, ਜਿੰਨ੍ਹਾਂ ਦੀ ਇਹ ਨਵੀਂ ਪੰਜਾਬੀ ਫਿਲਮ ਜਲਦ ਹੀ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਾਈ ਜਾਣ ਵਾਲੀ ਉਕਤ ਫਿਲਮ ਦਾ ਨਿਰਦੇਸ਼ਨ ਪੰਜਾਬੀ ਸਿਨੇਮਾ ਦੇ ਮੋਹਰੀ ਕਤਾਰ ਅਤੇ ਸਫਲਤਮ ਨਿਰਦੇਸ਼ਕਾਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੇ ਅਮਰਜੀਤ ਸਿੰਘ ਸਰਾਓ ਕਰਨਗੇ, ਜੋ ਇਸ ਤੋਂ ਪਹਿਲਾਂ ਕਈ ਚਰਚਿਤ ਅਤੇ ਸੁਪਰ-ਡੁਪਰ ਹਿੱਟ ਫਿਲਮਾਂ ਦੀ ਨਿਰਦੇਸ਼ਨ ਕਮਾਂਡ ਸੰਭਾਲ ਚੁੱਕੇ ਹਨ, ਜਿੰਨ੍ਹਾਂ ਵਿੱਚ 'ਕਾਲਾ ਸ਼ਾਹ ਕਾਲਾ', 'ਝੱਲੇ', 'ਹੌਂਸਲਾ ਰੱਖ', 'ਬਾਬੇ ਭੰਗੜਾ ਪਾਉਂਦੇ ਨੇ', 'ਸੌਂਕਣ ਸੌਂਕਣੇ' ਆਦਿ ਸ਼ੁਮਾਰ ਰਹੀਆਂ ਹਨ।
ਮੇਨ ਸਟ੍ਰੀਮ ਸਿਨੇਮਾ ਤੋਂ ਅਲਹਦਾ ਰੰਗਾਂ ਅਧੀਨ ਬਣਾਈ ਜਾ ਰਹੀ ਉਕਤ ਕੰਟੈਂਟ ਆਧਾਰਿਤ ਫਿਲਮ ਵਿੱਚ ਲੀਡ ਰੋਲ ਅਦਾ ਕਰੇਗੀ ਅਦਾਕਾਰਾ ਸ਼ਹਿਨਾਜ ਕੌਰ ਗਿੱਲ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਅਤੇ ਹਿੰਦੀ ਸਿਨੇਮਾ ਨਾਲ ਜੁੜੇ ਕਈ ਮੰਨੇ-ਪ੍ਰਮੰਨੇ ਅਤੇ ਮੰਝੇ ਹੋਏ ਐਕਟਰਜ਼ ਵੀ ਇਸ ਵਿੱਚ ਅਪਣੀ ਅਦਾਕਾਰੀ ਜੌਹਰ ਵਿਖਾਉਂਦੇ ਨਜ਼ਰੀ ਆਉਣਗੇ।
ਪੰਜਾਬ ਦੇ ਮੋਹਾਲੀ-ਖਰੜ ਅਤੇ ਆਸ-ਪਾਸ ਆਦਿ ਖੇਤਰਾਂ ਵਿਖੇ ਪਹਿਲੇ ਸ਼ੂਟਿੰਗ ਸ਼ੈਡਿਊਲ ਅਧੀਨ ਫਿਲਮਾਈ ਜਾਣ ਵਾਲੀ ਇਸ ਫਿਲਮ ਦੇ ਟਾਈਟਲ ਅਤੇ ਹੋਰਨਾਂ ਅਹਿਮ ਪਹਿਲੂਆਂ ਦਾ ਰਸਮੀ ਐਲਾਨ ਜਲਦ ਹੀ ਕੀਤਾ ਜਾਵੇਗਾ, ਜਿਸ ਸੰਬੰਧਤ ਤਿਆਰੀਆਂ ਨੂੰ ਹਾਲ ਫਿਲਹਾਲ ਗੁੱਪਚੁੱਪ ਰੂਪ ਵਿੱਚ ਹੀ ਅੰਜ਼ਾਮ ਦਿੱਤਾ ਜਾ ਰਿਹਾ ਹੈ।
ਸਾਲ 2021 ਵਿੱਚ ਰਿਲੀਜ਼ ਹੋਈ ਅਤੇ ਦਿਲਜੀਤ ਦੁਸਾਂਝ ਸਟਾਰਰ 'ਹੌਂਸਲਾ ਰੱਖ' ਦੇ ਲੰਮੇਂ ਵਕਫ਼ੇ ਬਾਅਦ ਅਦਾਕਾਰਾ ਸ਼ਹਿਨਾਜ਼ ਕੌਰ ਗਿੱਲ ਨਿਰਦੇਸ਼ਕ ਅਮਰਜੀਤ ਸਿੰਘ ਸਰਾਓ ਦੀ ਬਤੌਰ ਨਿਰਦੇਸ਼ਕ ਫਿਲਮ ਦਾ ਦੂਸਰੀ ਵਾਰ ਲੀਡਿੰਗ ਹਿੱਸਾ ਬਣੇਗੀ, ਜਿੰਨ੍ਹਾਂ ਦੀ ਨਿਰਦੇਸ਼ਕ ਅਤੇ ਅਦਾਕਾਰਾ ਕੈਮਿਸਟਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ।
ਪੰਜਾਬੀ ਸਿਨੇਮਾ ਬਾਰੇ ਕੀ ਬੋਲੀ ਸੀ ਸ਼ਹਿਨਾਜ਼ ਗਿੱਲ
ਤੁਹਾਨੂੰ ਦੱਸ ਦੇਈਏ ਕਿ ਆਪਣੀ ਬਾਲੀਵੁੱਡ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਸੰਬੰਧੀ ਇੱਕ ਇੰਟਰਵਿਊ ਦੌਰਾਨ ਅਦਾਕਾਰਾ ਨੇ ਪੰਜਾਬੀ ਸਿਨੇਮਾ ਜਗਤ ਬਾਰੇ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਸਨ ਅਤੇ ਕਿਹਾ ਸੀ, "ਭਾਵੇਂ ਇੰਡਸਟਰੀ ਨੇ ਉਸ ਨੂੰ ਪਾਸੇ ਕਰ ਦਿੱਤਾ ਹੋਵੇ, ਪਰ ਜੇਕਰ ਮੌਕਾ ਦਿੱਤਾ ਗਿਆ ਤਾਂ ਉਹ ਯਕੀਨੀ ਤੌਰ 'ਤੇ ਹੋਰ ਪੰਜਾਬੀ ਫਿਲਮਾਂ ਕਰਨਾ ਪਸੰਦ ਕਰੇਗੀ। ਮੈਂ ਉਨ੍ਹਾਂ ਵਰਗੀ ਨਹੀਂ ਹਾਂ, ਮੈਂ ਉਨ੍ਹਾਂ ਤੋਂ ਪਾਸਾ ਕਰਨ ਵਾਲੀ ਨਹੀਂ ਹਾਂ। ਮੇਰੀ ਤਰਜੀਹ ਚੰਗੀ ਸਕ੍ਰਿਪਟ ਹੈ।"
ਇਹ ਵੀ ਪੜ੍ਹੋ: