ਜ਼ਿਮਨੀ ਚੋਣਾਂ ਨੇ ਸਿਰਫ਼ 4 ਵਿਧਾਨ ਸਭਾ ਸੀਟਾਂ ਦਾ ਹੀ ਨਹੀਂ ਬਲਕਿ ਪੂਰੇ ਪੰਜਾਬ ਦਾ ਪਾਰਾ ਗਰਮਾ ਰੱਖਿਆ ਹੈ। ਪੰਜਾਬ 'ਚ ਸਿੱਖਿਆ ਅਤੇ ਸਿਹਤ ਸਹੂਲਤ ਪੱਖੋਂ ਕਿੰਨਾ ਕੁ ਵਿਕਾਸ ਹੋਇਆ, ਇਸ ਨੂੰ ਸਾਰੇ ਜਾਣਦੇ ਹਨ। ਅਜਿਹੇ ਹੀ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਬਰਨਾਲਾ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦਾ ਆਖ਼ਰੀ ਚੋਣ ਪ੍ਰਚਾਰ ਚੱਲ ਰਿਹਾ ਹੈ। 20 ਨਵੰਬਰ ਨੂੰ ਹੋਣ ਜਾ ਰਹੀ ਇਸ ਚੋਣ ਦੌਰਾਨ ਸਾਰੀਆਂ ਸਿਆਸੀ ਪਾਰਟੀਆਂ ਦਾ ਚੋਣ ਪ੍ਰਚਾਰ ਜ਼ੋਰ ਸ਼ੋਰ ਨਾਲ ਜਾਰੀ ਹੈ। ਚੋਣ ਦੇ ਪ੍ਰਚਾਰ ਦੌਰਾਨ ਸਾਰੇ ਉਮੀਦਵਾਰਾਂ ਦਾ ਏਜੰਡਾ ਵਿਕਾਸ ਹੀ ਮੁੱਖ ਰਿਹਾ ਹੈ। ਹਰ ਉਮੀਦਵਾਰ ਵਿਕਾਸ ਦੇ ਨਾਮ ਉਪਰ ਲੋਕਾਂ ਤੋਂ ਵੋਟਾਂ ਮੰਗ ਰਿਹਾ ਪਰ ਇਸ ਚੋਣ ਵਿੱਚ ਸਿਹਤ ਅਤੇ ਸਿੱਖਿਆ ਦਾ ਮੁੱਦਾ ਗਾਇਬ ਹੈ। ਹਲਕਾ ਤਾਂ ਦੂਰ ਪੂਰਾ ਬਰਨਾਲਾ ਜ਼ਿਲ੍ਹਾ ਸਿਹਤ ਅਤੇ ਸਿੱਖਿਆ ਦੀਆਂ ਸਹੂਲਤਾਂ ਤੋਂ ਵਾਂਝਾ ਚੱਲ ਰਿਹਾ ਹੈ।
ਸਿੱਖਿਆ ਅਤੇ ਸਿਹਤ ਦਾ ਮੁੱਦਾ ਗਾਇਬ
ਤੁਹਾਨੂੰ ਦੱਸ ਦਈਏ ਕਿ ਸਿੱਖਿਆ ਅਤੇ ਸਿਹਤ ਸੱਤਾਧਿਰ ਸਮੇਤ ਵਿਰੋਧੀ ਪਾਰਟੀਆਂ ਵੀ ਇਸ ਮੁੱਦੇ ਨੂੰ ਗੰਭੀਰ ਨਹੀਂ ਮੰਨ ਰਹੀਆਂ। ਸਿਰਫ਼ ਬੀਜੇਪੀ ਉਮੀਦਵਾਰ ਨੇ ਸਿਹਤ ਦੇ ਮੁੱਦੇ ਨੂੰ ਜ਼ਰੂਰ ਉਠਾਇਆ ਹੈ। ਜਦਕਿ ਬਾਕੀ ਉਮੀਦਵਾਰਾਂ ਦੇ ਏਜੰਡੇ ਵਿੱਚੋਂ ਸਿਹਤ ਦਾ ਮੁੱਦਾ ਹੀ ਗਾਇਬ ਹੈ। ਖਾਸ ਕਰ ਸਿਹਤ ਅਤੇ ਸਿੱਖਿਆ ਦਾ ਏਜੰਡਾ ਲੈ ਕੇ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਵੀ ਇਸਦੀ ਗੱਲ ਨਹੀਂ ਕਰ ਰਹੀ। ਸਿਰਫ਼ ਗਲੀਆਂ, ਨਾਲੀਆਂ, ਅਤੇ ਇੰਟਰਲਾਕ ਟਾਈਲਾਂ ਵੱਡੇ ਵਿਕਾਸ ਮੁੱਦੇ ਬਣੇ ਹੋਏ ਹਨ। ਮੌਜੂਦਾ 'ਆਪ' ਦੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਪੰਜਾਬ ਦੀ ਕੈਬਨਿਟ ਵਿੱਚ ਸਿੱਖਿਆ ਅਤੇ ਉਚੇਰੀ ਸਿੱਖਿਆ ਦੇ ਮੰਤਰੀ ਰਹਿਣ ਦੇ ਬਾਵਜੂਦ ਬਰਨਾਲਾ ਲਈ ਕੋਈ ਖਾਸ ਸਹੂਲਤ ਦਾ ਪ੍ਰਬੰਧ ਨਹੀਂ ਕਰ ਸਕੇ।
ਸਿਹਤ ਪੱਖੋਂ ਸਹੂਲਤਾਂ ਜ਼ੀਰੋ
ਬਰਨਾਲਾ ਜ਼ਿਲ੍ਹਾ ਸਿਹਤ ਸਹੂਲਤਾਂ ਪੱਖੋਂ ਫ਼ਾਡੀ ਹੈ। ਸ਼ਹਿਰ ਵਿੱਚ ਜ਼ਿਲ੍ਹਾ ਪੱਧਰ ਦੇ ਹਸਪਤਾਲ ਵਿੱਚ ਵੀ ਕੋਈ ਖਾਸ ਸਹੂਲਤਾਂ ਨਹੀਂ। ਇਹ ਹਸਪਤਾਲ ਐਮਰਜੈਂਸੀ ਸੇਵਾਵਾਂ ਮੌਕੇ ਰੈਫ਼ਰ ਹਸਪਤਾਲ ਦੀ ਭੂਮਿਕਾ ਨਿਭਾਉਂਦਾ ਹੈ। ਜੇਕਰ ਕੋਈ ਸੜਕ ਹਾਦਸਾ ਵੀ ਹੋ ਜਾਵੇ ਤਾਂ ਹਸਪਤਾਲ ਤੋਂ ਮਰੀਜ਼ਾਂ ਨੂੰ ਬਾਹਰੀ ਜ਼ਿਲ੍ਹਿਆਂ ਦੇ ਹਸਪਤਾਲਾਂ ਵਿੱਚ ਰੈਫ਼ਰ ਕਰ ਦਿੱਤਾ ਜਾਂਦਾ ਹੈ। ਆਮ ਆਦਮੀ ਪਾਰਟੀ ਨੇ ਢਾਈ ਸਾਲਾਂ ਦੇ ਕਾਰਜਕਾਲ ਦੌਰਾਨ ਸਿਹਤ ਨੂੰ ਲੈ ਕੇ ਕੋਈ ਵਿਕਾਸ ਨਹੀਂ ਕੀਤਾ। ਸਿਹਤ ਸਹੂਲਤਾਂ ਸਿਰਫ਼ ਆਮ ਆਦਮੀ ਕਲੀਨਿਕਾਂ ਤੱਕ ਹੀ ਸੀਮਤ ਰਹਿ ਗਈਆਂ, ਜਦਕਿ ਵੱਡੇ ਇਲਾਜ਼ ਲਈ ਕੋਈ ਸਹੂਲਤ ਜਾਂ ਹਸਪਤਾਲ ਨਹੀਂ ਬਣ ਸਕਿਆ। ਲੱਖਾਂ ਰੁਪਏ ਦਾ ਵੱਡਾ ਇਲਾਜ਼ ਕਰਵਾਉਣ ਲਈ ਲੋਕਾਂ ਨੂੰ ਨਿੱਜੀ ਹਸਪਤਾਲਾਂ ਜਾਂ ਬਾਹਰੀ ਜ਼ਿਲ੍ਹਿਆਂ ਉਪਰ ਟੇਕ ਰੱਖਣੀ ਪੈ ਰਹੀ ਹੈ। ਸਾਬਕਾ ਵਿਧਾਇਕ ਅਤੇ ਬੀਜੇਪੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਪਿਛਲੀ ਸਰਕਾਰ ਦੌਰਾਨ ਬਰਨਾਲਾ ਦੇ ਹੰਡਿਆਇਆ ਵਿੱਚ ਮਲਟੀਪਰਪਜ਼ ਹਸਪਤਾਲ ਲਿਆਉਣ ਦਾ ਮੁੱਦਾ ਜ਼ਰੂਰ ਚੁੱਕਿਆ ਹੈ। ਉਹ ਹੁਣ ਵੀ ਸਿਹਤ ਸਹੂਲਤਾਂ ਦੀ ਗੱਲ ਕਰ ਰਹੇ ਹਨ।
ਉਚੇਰੀ ਸਿੱਖਿਆ ਲਈ ਨਹੀਂ ਕੋਈ ਪ੍ਰਬੰਧ
ਬਰਨਾਲਾ ਵਿੱਚ ਉਚੇਰੀ ਸਿੱਖਿਆ ਲਈ ਵੀ ਸਰਕਾਰੀ ਪੱਧਰ ਦੀ ਕੋਈ ਸੰਸਥਾ ਨਹੀਂ ਹੈ। ਸ਼ਹਿਰ ਵਿੱਚ ਇੱਕ ਯੂਨੀਵਰਸਿਟੀ ਕੈਂਪਸ ਚੱਲ ਰਿਹਾ ਹੈ, ਜਿਸ ਵਿੱਚ ਬਹੁ ਗਿਣਤੀ ਸਟਾਫ਼ ਕੱਚੇ ਮੁਲਾਜ਼ਮਾਂ ਦੇ ਤੌਰ 'ਤੇ ਹੀ ਕੰਮ ਕਰ ਰਿਹਾ ਹੈ। ਜਦਕਿ ਇਹ ਕਾਲਜ ਹੋਰ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਤੋਂ ਸੱਖਣਾ ਹੈ। ਬਰਨਾਲਾ ਵਾਸੀ ਲੰਬੇ ਸਮੇਂ ਤੋਂ ਲੜਕੀਆਂ ਲਈ ਸਰਕਾਰੀ ਕਾਲਜ ਅਤੇ ਕਿਸੇ ਸਰਕਾਰੀ ਮੈਡੀਕਲ ਕਾਲਜ ਦੀ ਮੰਗ ਕਰਦੇ ਆ ਰਹੇ ਹਨ, ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ। ਹੁਣ ਵੀ ਕਿਸੇ ਉਮੀਦਵਾਰ ਨੇ ਆਪਣੇ ਚੋਣ ਏਜੰਡੇ ਵਿੱਚ ਹਲਕੇ ਦੇ ਲੋਕਾਂ ਲਈ ਉਚੇਰੀ ਸਿੱਖਿਆ ਨੂੰ ਕਿਸੇ ਏਜੰਡੇ ਵਿੱਚ ਨਹੀਂ ਰੱਖਿਆ ਹੈ।
ਹੁਣ ਵੇਖਣਾ ਹੋਵੇਗਾ ਕਿ ਇਸ ਵਾਰ ਦੀਆਂ ਚੋਣਾਂ 'ਚ ਬਰਨਾਲਾ ਦੇ ਲੋਕ ਕਿਸ ਉਮੀਦਵਾਰ ਨੂੰ ਆਸ ਨਾਲ ਜਿਤਾਉਣਗੇ ਤਾਂ ਜੋ ਬਰਨਾਲਾ ਵੀ ਸਿਹਤ ਅਤੇ ਸਿੱਖਿਆ ਦੀਆਂ ਸਹੂਲਤਾਵਾਂ ਤੋਂ ਸੱਖਣਾ ਨਾ ਰਹੇ।
- "ਜੇ ਮੈਂ ਨਹੀਂ, ਤਾਂ ਮੇਰਾ ਮੁੰਡਾ ਬਣੇਗਾ ਪੀਐਮ", ਨੀਟੂ ਸ਼ਟਰਾਂ ਵਾਲੇ ਨੇ ਚੰਨੀ ਦੇ ਬਿਆਨ ਦਾ ਦਿੱਤਾ ਜਵਾਬ, ਹੋਰ ਕੀ ਕੁੱਝ ਕਿਹਾ ਦੇਖੋ ਵੀਡੀਓ
- ਸੇਵਾ ਮੁਕਤੀ ਮਗਰੋਂ ਸੂਬਾ ਸਰਕਾਰ ਦੇਵੇਗੀ ਨੌਕਰੀ, ਅਗਨੀਵੀਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ
- "ਸੁਖਜਿੰਦਰ ਰੰਧਾਵਾ ਆਪਣੇ 'ਤੇ ਕੰਟਰੋਲ ਕਰਨ" ਮੰਤਰੀ ਧਾਲੀਵਾਲ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ, ਰਵਨੀਤ ਬਿੱਟੂ ਨੂੰ ਲੈ ਕੇ ਵੀ ਦਿੱਤਾ ਵੱਡਾ ਬਿਆਨ