ਚੰਡੀਗੜ੍ਹ:ਪੰਜਾਬੀ ਸਿਨੇਮਾ ਦੀ ਫਾਰਮੂਲਾ ਫਿਲਮਾਂ ਦੇ ਸਹਾਰੇ ਹੀ ਸਫਲਤਾ ਬਟੋਰਨ ਦੀ ਬਣੀ ਮਿਥ ਅਤੇ ਮਲਟੀ-ਸਟਾਰਰ ਫਿਲਮਾਂ ਹੀ ਬਣਾਉਣ ਦਾ ਤਿਲਸਮ ਹੌਲੀ-ਹੌਲੀ ਟੁੱਟਦਾ ਜਾ ਰਿਹਾ ਹੈ, ਜਿਸ ਦਾ ਇਜ਼ਹਾਰ ਸੈੱਟ 'ਤੇ ਜਾ ਰਹੀਆਂ ਅਤੇ ਜਾ ਚੁੱਕੀਆਂ ਕਈ ਅਲਹਦਾ ਕੰਟੈਂਟ ਅਧਾਰਿਤ ਫਿਲਮਾਂ ਲਗਾਤਾਰ ਕਰਵਾ ਰਹੀਆਂ ਹਨ।
ਜਿਸ ਸੰਬੰਧੀ ਬਾ-ਦਸਤੂਰ ਜਾਰੀ ਇਸ ਸਿਲਸਿਲੇ ਦੀ ਕੜੀ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਹੈ ਬੀਤੇ ਦਿਨੀਂ ਅਨਾਊਂਸ ਕੀਤੀ ਗਈ ਪੰਜਾਬੀ ਫਿਲਮ 'ਵੇ ਕੋਈ ਲੈ ਚੱਲਿਆ ਮੁਕਲਾਵੇ', ਜਿਸ ਦੀ ਸ਼ੂਟਿੰਗ ਇੰਨੀਂ-ਦਿਨੀਂ ਤੇਜ਼ੀ ਅਤੇ ਜ਼ੋਰਾਂ-ਸ਼ੋਰਾਂ ਨਾਲ ਸੰਪੂਰਨਤਾ ਪੜਾਅ ਵੱਲ ਵੱਧ ਰਹੀ ਹੈ।
'ਕਮਲ ਆਰਟ ਸਟੋਰੀ' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਪੰਜਾਬੀ ਫ਼ੀਚਰ ਫਿਲਮ ਦਾ ਫਿਲਮਾਂਕਣ ਅੱਜਕੱਲ੍ਹ ਮਾਲਵੇ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਪੂਰਾ ਕੀਤਾ ਜਾ ਰਿਹਾ ਹੈ, ਜਿਸ ਦਾ ਲੇਖਨ-ਨਿਰਦੇਸ਼ਨ ਅਤੇ ਨਿਰਮਾਣ ਕਮਲ ਦ੍ਰਾਵਿੜ ਕਰ ਰਹੇ ਹਨ, ਜੋ ਇਸ ਪਰਿਵਾਰਕ ਡਰਾਮਾ ਫਿਲਮ ਦੁਆਰਾ ਬਤੌਰ ਨਿਰਦੇਸ਼ਕ ਇੱਕ ਹੋਰ ਪ੍ਰਭਾਵੀ ਸਿਨੇਮਾ ਪਾਰੀ ਵੱਲ ਵਧਣਗੇ।
ਸੈਮੀ ਬਜਟ ਦੇ ਅਧੀਨ ਵਜ਼ੂਦ 'ਚ ਲਿਆਂਦੀ ਜਾ ਰਹੀ ਅਤੇ ਦਿਲ ਨੂੰ ਛੂਹ ਲੈਣ ਵਾਲੀ ਸਕ੍ਰਿਪਟ ਅਧਾਰਿਤ ਉਕਤ ਫਿਲਮ ਵਿੱਚ ਇਮੋਸ਼ਨ-ਕਾਮੇਡੀ ਦੇ ਨਾਲ-ਨਾਲ ਪੁਰਾਤਨ ਪੰਜਾਬ ਦੇ ਕਈ ਰੰਗਾਂ ਅਤੇ ਵੰਨਗੀਆਂ ਨੂੰ ਵੀ ਸ਼ਾਮਿਲ ਕੀਤਾ ਜਾ ਰਿਹਾ ਹੈ, ਜਿਸ ਦੀ ਸਟਾਰ-ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਮਲਕੀਤ ਰੌਣੀ, ਹੈਰੀ ਸਚਦੇਵਾ, ਪਰਮਿੰਦਰ ਗਿੱਲ ਸਮੇਤ ਪੰਜਾਬੀ ਸਿਨੇਮਾ ਦੇ ਕਈ ਮੰਝੇ ਅਤੇ ਨਵੇਂ ਚਿਹਰੇ ਲੀਡਿੰਗ ਅਤੇ ਮਹੱਤਵਪੂਰਨ ਸਪੋਰਟਿੰਗ ਕਿਰਦਾਰ ਅਦਾ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਇਸ ਫਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਗੀਤ ਸੰਗੀਤ ਅਤੇ ਸਿਨੇਮਾਟੋਗ੍ਰਾਫ਼ਰੀ ਪੱਖਾਂ ਨੂੰ ਆਹਲਾ ਰੂਪ ਦੇਣ ਲਈ ਜੀਅ ਜਾਨ ਕੋਸ਼ਿਸ਼ਾਂ ਫਿਲਮ ਨਿਰਮਾਣ ਹਾਊਸ ਵੱਲੋਂ ਕੀਤੀਆਂ ਜਾ ਰਹੀਆਂ ਹਨ, ਜਿਸ ਅਧੀਨ ਇਸ ਵਿੱਚ ਸ਼ਾਮਿਲ ਕੀਤੇ ਜਾ ਰਹੇ ਗੀਤਾਂ ਨੂੰ ਨਾਮਵਰ ਪੰਜਾਬੀ ਗਾਇਕ ਅਪਣੀਆਂ ਪਿੱਠਵਰਤੀ ਆਵਾਜ਼ਾਂ ਦੇ ਰਹੇ ਹਨ।
ਹਾਲ ਹੀ ਵਿੱਚ ਸਾਹਮਣੇ ਆਈ ਅਰਥ-ਭਰਪੂਰ ਪੰਜਾਬੀ ਫਿਲਮ 'ਗਦਰ 1947: ਇੱਕ ਵਿਛੋੜਾ' ਦਾ ਲੇਖਨ ਅਤੇ ਨਿਰਦੇਸ਼ਨ ਵੀ ਕਰ ਚੁੱਕੇ ਹਨ ਉਕਤ ਫਿਲਮ ਦੇ ਨਿਰਦੇਸ਼ਕ ਕਮਲ ਦ੍ਰਾਵਿੜ, ਜੋ ਮਿਊਜ਼ਿਕ ਡਾਇਰੈਕਟਰ ਦੇ ਤੌਰ 'ਤੇ ਸੰਗੀਤਕ ਜਗਤ ਵਿੱਚ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ ਅਤੇ ਬੇਸ਼ੁਮਾਰ ਹਿੱਟ ਗਾਣਿਆਂ ਦਾ ਸੰਗੀਤ ਸੰਯੋਜਨ ਕਰਨ ਬਾਅਦ ਹੁਣ ਨਿਰਦੇਸ਼ਕ ਦੇ ਤੌਰ 'ਤੇ ਵੀ ਪੜਾਅ ਦਰ ਪੜਾਅ ਮਜ਼ਬੂਤ ਪੈੜਾਂ ਸਿਰਜਣ ਵੱਲ ਅੱਗੇ ਵੱਧ ਰਹੇ ਹਨ।