ਚੰਡੀਗੜ੍ਹ: ਪੰਜਾਬੀ ਓਟੀਟੀ ਦੇ ਖੇਤਰ ਵਿੱਚ ਇੰਨੀਂ-ਦਿਨੀਂ ਕਾਫ਼ੀ ਚਰਚਾ ਦਾ ਕੇਂਦਰ-ਬਿੰਦੂ ਬਣੀ ਹੋਈ ਹੈ ਪੰਜਾਬੀ ਵੈੱਬ ਸੀਰੀਜ਼ 'ਕੁੜੀਆਂ ਪੰਜਾਬ ਦੀਆਂ', ਜਿਸ ਦਾ ਪਹਿਲਾਂ ਲੁੱਕ ਅੱਜ ਜਾਰੀ ਕਰ ਦਿੱਤਾ ਗਿਆ ਹੈ, ਜੋ ਜਲਦ ਹੀ ਵੱਡੇ ਓਟੀਟੀ ਪਲੇਟਫ਼ਾਰਮ ਉਪਰ ਸਟ੍ਰੀਮ ਹੋਣ ਜਾ ਰਹੀ ਹੈ।
'ਹਰਦੀਪ ਫਿਲਮਜ਼ ਇੰਟਰਟੇਨਮੈਂਟ ਯੂ.ਕੇ ਲਿਮਿਟਡ' ਅਤੇ 'ਰੰਗਲਾ ਪੰਜਾਬ ਮੋਸ਼ਨ ਪਿਕਚਰਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਪੰਜਾਬੀ ਵੈੱਬ ਸੀਰੀਜ਼ ਦੇ ਨਿਰਮਾਤਾ ਹਰਦੀਪ ਸਿੰਘ, ਸਹਿ ਨਿਰਮਾਣਕਾਰ ਪੱਪੂ ਖੰਨਾ ਜਦਕਿ ਲੇਖਨ ਅਤੇ ਨਿਰਦੇਸ਼ਨ ਸ਼ਿਵਮ ਸ਼ਰਮਾ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਕਈ ਚਰਚਿਤ ਅਤੇ ਆਫ ਬੀਟ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਪੰਜਾਬ ਦੇ ਬੈਕਡਰਾਪ ਦੁਆਲੇ ਬੁਣੀ ਉਕਤ ਪੰਜਾਬੀ ਵੈੱਬ ਸੀਰੀਜ਼ ਪੰਜ ਅਸਾਧਾਰਨ ਪੰਜਾਬੀ ਔਰਤਾਂ ਦੇ ਜੀਵਨ ਨੂੰ ਡੂੰਘਾਈ ਨਾਲ ਪ੍ਰਤੀਬਿੰਬ ਕਰੇਗੀ, ਜੋ ਯੂਨਾਈਟਿਡ ਕਿੰਗਡਮ (ਯੂ.ਕੇ.) ਵਿੱਚ ਸੈਟਲ ਹੋਣ ਦੀਆਂ ਆਪਣੀਆਂ ਇੱਛਾਵਾਂ ਨੂੰ ਨੇਵੀਗੇਟ ਕਰਦੀਆਂ ਹਨ।
ਪ੍ਰੰਪਰਾਵਾਂ ਅਤੇ ਪੇਂਡੂ ਸੁਹਜ ਨਾਲ ਭਰੀ ਧਰਤੀ ਵਜੋਂ ਕਿਸੇ ਸਮੇਂ ਜਾਣੇ ਜਾਂਦੇ ਰਹੇ ਪੰਜਾਬ ਨੂੰ ਦਰਸਾਉਂਦੀ ਇਸ ਪੰਜਾਬੀ ਵੈੱਬ ਸੀਰੀਜ਼ ਵਿੱਚ ਆਧੁਨਿਕਤਾ ਦੇ ਜਾਮੇ 'ਚ ਰੰਗ ਰਹੀਆਂ ਔਰਤਾਂ ਦੀ ਅਜੌਕੀ ਮਾਨਸਿਕਤਾ ਨੂੰ ਵੀ ਪ੍ਰਤੀਨਿਧਤਾ ਦਿੱਤੀ ਗਈ, ਜੋ ਔਰਤਾਂ ਪ੍ਰਤੀ ਬਣੇ ਰੂੜੀਵਾਦੀ ਬਿਰਤਾਂਤ ਨੂੰ ਚੁਣੌਤੀ ਦਿੰਦੀ ਹੈ। ਨਿਰਮਾਣ ਹਾਊਸ ਵੱਲੋਂ ਜਾਰੀ ਕੀਤੀ ਕੁਝ ਹੋਰ ਜਾਣਕਾਰੀ ਅਨੁਸਾਰ ਇਹ ਪੰਜਾਬੀ ਵੈੱਬ ਸੀਰੀਜ਼ ਔਰਤਾਂ ਦੇ ਜੀਵਨ 'ਤੇ ਨਵੇਂ ਦ੍ਰਿਸ਼ਟੀਕੋਣ ਦੀ ਪੜ੍ਹਚੋਲ ਕਰਦੇ ਹੋਏ ਉਨ੍ਹਾਂ ਦੀਆਂ ਪ੍ਰੇਰਣਾਵਾਂ, ਚੁਣੌਤੀਆਂ ਅਤੇ ਜਿੱਤਾਂ ਨੂੰ ਪ੍ਰਭਾਸ਼ਿਤ ਕਰੇਗੀ।
ਮਹਿਲਾ ਸ਼ਸ਼ਕਤੀਕਰਨ ਨੂੰ ਹੁਲਾਰਾ ਦਿੰਦੀ ਉਕਤ ਪੰਜਾਬੀ ਵੈੱਬ ਸੀਰੀਜ਼ ਪੂਰੀ ਤਰ੍ਹਾਂ ਔਰਤ ਪਾਤਰਾਂ 'ਤੇ ਫੋਕਸ ਕੀਤੀ ਗਈ ਹੈ, ਜਿਸ ਦੁਆਰਾ ਸਮਾਜ ਵਿੱਚ ਉਨ੍ਹਾਂ ਦੀ ਮਹੱਤਤਾ ਅਤੇ ਹਰ ਖਿੱਤੇ ਵਿੱਚ ਉਨ੍ਹਾਂ ਦੀ ਵੱਧ ਰਹੇ ਡੂੰਘੇ ਪ੍ਰਭਾਵ ਨੂੰ ਉਜਾਗਰ ਕਰੇਗੀ।
ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਖਿੱਚ ਦਾ ਕੇਂਦਰ ਬਣੀ ਉਕਤ ਵੈੱਬ ਸੀਰੀਜ਼ ਦੀ ਕਾਸਟ ਦੀ ਗੱਲ ਕੀਤੀ ਜਾਵੇ ਤਾਂ ਰਾਜ ਧਾਲੀਵਾਲ, ਮਹਿਰਾ ਘਈ, ਵਿਸ਼ੂ ਖੇਤੀਆ, ਅਮਾਇਰਾ ਜਯਰਥ, ਤਰਸੇਮ ਪਾਲ, ਸ਼ਵਿੰਦਰ ਮਾਹਲ, ਯਸ਼ਵੀਰ ਸ਼ਰਮਾ, ਗੁਰਮੀਤ ਦਮਨ, ਜਸਵਿੰਦਰ ਮਕਰੌਣਾ, ਪਰਮਿੰਦਰ ਗਿੱਲ, ਗੁਰਮੀਤ ਮੁਸ਼ਕਾਬਾਦ ਆਦਿ ਸ਼ੁਮਾਰ ਹਨ।
ਇਹ ਵੀ ਪੜ੍ਹੋ: