ਤਰਨ ਤਾਰਨ: ਮਿੰਨੀ ਓਲੰਪਿਕ ਕਹੇ ਜਾਣ ਵਾਲੀਆਂ ਕਿਲ੍ਹਾ ਰਾਏਪੁਰ ਖੇਡਾਂ ਵਿੱਚ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਦੋਦੇ ਸੋਡੀਆਂ ਦੇ ਸਲਵਿੰਦਰ ਸਿੰਘ ਪੁੱਤਰ ਕਰਮ ਸਿੰਘ ਨੇ ਦੰਦਾਂ ਨਾਲ 70 ਕਿਲੋ ਲੋਹੇ ਦਾ ਹੱਲ ਚੁੱਕ ਕੇ ਸੋਨੇ ਦਾ ਤਗਮਾ ਜਿੱਤਿਆ ਹੈ। ਸਲਵਿੰਦਰ ਸਿੰਘ ਨੇ ਆਪਣੇ ਜ਼ਿਲ੍ਹਾ ਤਰਨਤਾਰਨ ਦਾ ਨਾਂ ਰੋਸ਼ਨ ਕੀਤਾ ਹੈ। ਸੋਨ ਤਮਗਾ ਜਿੱਤਣ ਦੀ ਖੁਸ਼ੀ ਵਿੱਚ ਪਿੰਡ ਵਾਸੀਆਂ ਨੇ ਸਲਵਿੰਦਰ ਸਿੰਘ ਦਾ ਨਿੱਘਾ ਸਵਾਗਤ ਕੀਤਾ। ਸਲਵਿੰਦਰ ਸਿੰਘ ਨਾਲ ਸਾਡੀ ਟੀਮ ਨੇ ਖਾਸ ਗੱਲਬਾਤ ਕੀਤੀ, ਜਿਸ ਵਿੱਚ ਉਸ ਨੇ ਘਰ ਦੀ ਗਰੀਬੀ ਅਤੇ ਆਪਣੇ ਸੱਟ ਬਾਰੇ ਦੱਸਿਆ।
ਦੰਦਾਂ ਨਾਲ ਹਲ ਚੁੱਕ ਕੇ ਵੱਖ-ਵੱਖ ਮੇਲਿਆਂ ਵਿੱਚ ਦਿਖਾਇਆ ਹੁਨਰ
ਪਹਿਲਵਾਨ ਸਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਲੰਮੇ ਸਮੇਂ ਤੋਂ ਹੀ ਦੰਦਾਂ ਨਾਲ ਹਲ ਚੁੱਕ ਕੇ ਵੱਖ-ਵੱਖ ਮੇਲਿਆਂ ਵਿੱਚ ਆਪਣਾ ਹੁਨਰ ਦਿਖਾ ਰਿਹਾ ਹੈ। ਪ੍ਰੰਤੂ ਘਰ ਵਿੱਚ ਗਰੀਬੀ ਹੋਣ ਕਰਕੇ ਉਹ ਅੱਗੇ ਵਧਣ ਵਿੱਚ ਅਸਮਰੱਥ ਰਿਹਾ ਹੈ। ਸਲਵਿੰਦਰ ਸਿੰਘ ਨੇ ਦੱਸਿਆ ਕਿ ਉਹ 1990 -91 ਤੋਂ ਹੀ ਉਸ ਨੇ ਇਸ ਖੇਡ ਦੀ ਸ਼ੁਰੂਆਤ ਕੀਤੀ ਸੀ ਤੇ ਹੁਣ ਤਕ ਉਹ ਕਈ ਮੈਡਲ ਜਿੱਤ ਚੁੱਕਾ ਹੈ। 1993 ਵਿੱਚ ਉਸ ਨੇ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿੱਚ ਪਹਿਲਾ ਮੈਡਲ ਜਿੱਤਿਆ ਸੀ। ਫਿਰ ਉਸ ਤੋਂ ਬਾਅਦ 2013 ਦੇ ਵਿੱਚ ਵੀ ਇੱਕ ਹੋਰ ਮੈਡਲ ਹਾਸਿਲ ਕੀਤਾ। 2017 ਵਿੱਚ ਵੀ 90 ਕਿਲੋ ਭਾਰ ਚੁੱਕ ਕੇ ਉਸਨੇ ਪਹਿਲਾ ਸਥਾਨ ਹਾਸਲ ਕੀਤਾ ਸੀ। 2025 ਦੀਆਂ ਕਿਲ੍ਹਾ ਰਾਏਪੁਰ ਖੇਡਾਂ ਵਿੱਚ ਉਸਨੇ ਦੰਦਾਂ ਨਾਲ 70 ਕਿਲੋ ਵਜਣ ਦਾ ਹੱਲ ਚੁੱਕ ਕੇ ਸੋਨੇ ਦਾ ਤਗਮਾ ਹਾਸਲ ਕੀਤਾ ਹੈ। ਸਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਚਾਰ ਹਲ ਚੱਕ ਕੇ 1 ਕੁਇੰਟਲ 20 ਕਿੱਲੋ ਦੰਦਾ ਨਾਲ ਚੁੱਕਣ ਦਾ ਰਿਕਾਰਡ ਬਣਾਇਆ ਹੈ।
![SALWINDER SINGH WINS GOLD MEDAL](https://etvbharatimages.akamaized.net/etvbharat/prod-images/09-02-2025/23507503_.png)
''ਸਾਡੇ ਤਾਂ ਘਰ ਦੀ ਛੱਤ ਵੀ ਬਾਲਿਆਂ ਵਾਲੀ ਹੈ। ਇਸ ਸਮੇਂ ਇੱਕ ਹੀ ਕਮਰੇ ਵਿੱਚ ਰਹਿ ਰਹੇ ਆ, ਅਤੇ ਉਹ ਵੀ ਬਾਪ ਦੇ ਹੱਥਾਂ ਦਾ ਬਣਿਆ ਹੋਇਆ ਹੈ। ਆਪਣੀ ਖੇਡ ਵੱਲ ਵੀ ਧਿਆਨ ਦਿੰਦਾ ਹਾਂ ਤੇ ਬੱਚੇ ਵੀ ਪਾਲ ਰਿਹਾ ਹਾਂ। ਮੇਰੇ 2 ਪੁੱਤਰ ਅਤੇ ਇੱਕ ਧੀ ਹੈ। ਕਮਾਈ ਘੱਟ ਹੋਣ ਕਾਰਨ ਮੈਂ ਕੌਂਮਾਤਰੀ ਪੱਧਰ ਉੱਤੇ ਆਪਣੀ ਖੇਡ ਨੂੰ ਨਹੀਂ ਲੈਕੇ ਜਾ ਸਕਿਆ।'' - ਪਹਿਲਵਾਨ ਸਲਵਿੰਦਰ ਸਿੰਘ
![SALWINDER SINGH WINS GOLD MEDAL](https://etvbharatimages.akamaized.net/etvbharat/prod-images/09-02-2025/23507503_tf.png)
ਸਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਸੱਟ ਲੱਗ ਗਈ ਸੀ, ਜਿਸ ਕਾਰਨ ਉਹ ਇੱਕ ਸਾਲ ਲਈ ਮੰਜੇ ਉੱਤੇ ਹੀ ਪਿਆ ਰਿਹਾ। ਆਪਣੀ ਦਾਸਤਾਨ ਦੱਸਦਿਆਂ ਉਸ ਨੇ ਕਿਹਾ ਕਿ ਉਸਦੇ ਘਰ ਦੇ ਹਾਲਾਤ ਬਹੁਤ ਮਾੜੇ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ। ਸਲਵਿੰਦਰ ਸਿੰਘ ਅਤੇ ਪਿੰਡ ਦੇ ਲੋਕਾਂ ਨੇ ਸਰਕਾਰ ਅਤੇ ਸਮਾਜ ਸੇਵੀ ਸੰਸਥਾਵਾਂ ਅੱਗੇ ਅਪੀਲ ਕੀਤੀ ਹੈ ਕਿ ਉਹ ਇਸ ਖਿਡਾਰੀ ਦੀ ਮਦਦ ਕਰਨ।
![SALWINDER SINGH WINS GOLD MEDAL](https://etvbharatimages.akamaized.net/etvbharat/prod-images/09-02-2025/23507503_tdfgrtry.png)