ਮੁੰਬਈ:ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਦੀ ਕਾਮਯਾਬੀ ਦੇ ਸਿਤਾਰੇ ਇਸ ਸਮੇਂ ਸੱਤਵੇਂ ਅਸਮਾਨ ਨੂੰ ਚੁੰਮ ਰਹੇ ਹਨ, ਦਿਲਜੀਤ ਦੁਸਾਂਝ ਇੱਕ ਸ਼ਾਨਦਾਰ ਗਾਇਕ ਅਤੇ ਅਦਾਕਾਰ ਹੋਣ ਦੇ ਨਾਲ-ਨਾਲ ਇਸ ਸਮੇਂ ਉਹ ਪੂਰੀ ਦੁਨੀਆਂ ਦੇ ਦਿਲਾਂ ਵਿੱਚ ਧੜਕ ਰਿਹਾ ਹੈ।
ਹਾਲ ਹੀ ਵਿੱਚ ਦਿਲਜੀਤ ਦਾ ਫਿਲਮ 'ਕਲਕੀ 2898 ਏਡੀ' ਲਈ ਗੀਤ ਰਿਲੀਜ਼ ਹੋਇਆ ਹੈ, ਜਿਸ ਵਿੱਚ ਗਾਇਕ ਨੇ ਪ੍ਰਭਾਸ ਨਾਲ ਹੱਥ ਮਿਲਾਇਆ ਹੈ। ਇਸ ਤੋਂ ਇਲਾਵਾ ਅਦਾਕਾਰ-ਗਾਇਕ ਇਸ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਦੀ ਰਿਲੀਜ਼ ਨੂੰ ਲੈ ਕੇ ਵੀ ਤਿਆਰੀ ਕਰ ਰਹੇ ਹਨ, ਇਹ ਫਿਲਮ ਬਹੁਤ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੇ ਪ੍ਰਮੋਸ਼ਨ ਦੌਰਾਨ ਇੱਕ ਇੰਟਰਵਿਊ ਵਿੱਚ ਦਿਲਜੀਤ ਦੁਸਾਂਝ ਨੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ।
8 ਸਾਲ ਦੀ ਉਮਰ ਵਿੱਚ ਘਰੋਂ ਭੱਜ ਗਏ ਸਨ ਗਾਇਕ: ਇੱਕ ਪੌਡਕਾਸਟ ਵਿੱਚ ਦਿਲਜੀਤ ਨੇ ਖੁਲਾਸਾ ਕੀਤਾ ਹੈ ਕਿ ਉਹ ਇੱਕ ਕੁੜੀ ਦੇ ਚੱਕਰ ਵਿੱਚ 8 ਸਾਲ ਦੀ ਉਮਰ ਵਿੱਚ ਘਰੋਂ ਭੱਜ ਗਏ ਸਨ, ਇਸ ਤੋਂ ਇਲਾਵਾ ਗਾਇਕ ਨੇ ਇਹ ਵੀ ਦੱਸਿਆ ਕਿ ਜਦੋਂ ਉਸ ਦੇ ਸਕੂਲ ਦੇ ਸੀਨੀਅਰਾਂ ਨੇ ਉਸ ਨੂੰ ਉਸ ਦੀ ਪਸੰਦ ਦੀ ਕੁੜੀ ਬਾਰੇ ਪੁੱਛਿਆ ਸੀ ਅਤੇ ਉਸ ਨੇ ਦੱਸਿਆ ਤਾਂ ਸੀਨੀਅਰਾਂ ਨੇ ਉਸ ਨੂੰ ਕੁੜੀ ਕੋਲ ਪਿਆਰ ਦਾ ਇਜ਼ਹਾਰ ਕਰ ਲਈ ਭੇਜਿਆ। 8 ਸਾਲ ਦੀ ਨਾਦਾਨ ਉਮਰ ਵਿੱਚ ਦਿਲਜੀਤ ਨੇ ਉਸ ਕੁੜੀ ਨੂੰ ਪਰਪੋਜ਼ ਕਰ ਦਿੱਤਾ ਪਰ ਕੁੜੀ ਇਸ ਸਭ ਤੋਂ ਨਾਖੁਸ਼ ਸੀ ਇਸ ਲਈ ਉਸ ਨੇ ਇਸ ਬਾਰੇ ਟੀਚਰ ਨੂੰ ਦੱਸ ਦਿੱਤਾ।