ਚੰਡੀਗੜ੍ਹ: ਗਲੋਬਲ ਸਟਾਰ ਦਿਲਜੀਤ ਦੁਸਾਂਝ ਆਪਣੇ ਕੰਸਰਟ ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਦਿੱਲੀ 'ਚ ਹੋਏ ਜ਼ਬਰਦਸਤ ਸ਼ੋਅ ਤੋਂ ਬਾਅਦ ਹੁਣ ਇਹ ਗਾਇਕ ਦੱਖਣ 'ਚ ਆਪਣੀ ਆਵਾਜ਼ ਦਾ ਜਾਦੂ ਬਿਖੇਰ ਰਿਹਾ ਹੈ। 15 ਨਵੰਬਰ ਨੂੰ ਤੇਲੰਗਾਨਾ ਸਰਕਾਰ ਨੇ ਹੈਦਰਾਬਾਦ ਸ਼ੋਅ ਤੋਂ ਪਹਿਲਾਂ ਅੰਤਰਰਾਸ਼ਟਰੀ ਸਟਾਰ ਨੂੰ ਨੋਟਿਸ ਭੇਜਿਆ ਸੀ। ਨੋਟਿਸ ਤੋਂ ਬਾਅਦ ਹੁਣ ਉਨ੍ਹਾਂ ਦੇ ਕੰਸਰਟ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਜਿਸ 'ਚ ਉਹ ਆਪਣੇ ਗੀਤਾਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਮੋਡੀਫਾਈ ਕਰਦੇ ਨਜ਼ਰ ਆ ਰਹੇ ਹਨ।
ਗਾਇਕ ਨੂੰ ਕਿਉਂ ਭੇਜਿਆ ਗਿਆ ਸੀ ਨੋਟਿਸ?
ਦਰਅਸਲ, ਤੇਲੰਗਾਨਾ ਸਰਕਾਰ ਨੇ ਗਾਇਕ ਨੂੰ ਨੋਟਿਸ ਭੇਜ ਕੇ ਹਿੰਸਾ, ਨਸ਼ਿਆਂ ਅਤੇ ਸ਼ਰਾਬ ਨੂੰ ਉਤਸ਼ਾਹਿਤ ਕਰਨ ਵਾਲੇ ਗੀਤ ਨਾ ਗਾਉਣ ਦੀ ਹਿਦਾਇਤ ਕੀਤੀ ਸੀ। ਨੋਟਿਸ ਦੇ ਅਨੁਸਾਰ ਸੰਗੀਤ ਸਮਾਰੋਹ ਦੌਰਾਨ ਬੱਚਿਆਂ ਨੂੰ ਸਟੇਜ 'ਤੇ ਜਾਣ ਤੋਂ ਵੀ ਰੋਕਿਆ ਗਿਆ ਸੀ ਤਾਂ ਜੋ ਉਨ੍ਹਾਂ ਨੂੰ ਉੱਚੀ ਆਵਾਜ਼ ਤੋਂ ਦੂਰ ਰੱਖਿਆ ਜਾ ਸਕੇ। ਨੋਟਿਸ ਤੋਂ ਬਾਅਦ ਪੰਜਾਬੀ ਗਾਇਕ ਨੇ ਸੰਗੀਤ ਸਮਾਰੋਹ ਦੌਰਾਨ ਆਪਣੇ ਗੀਤਾਂ ਦੇ ਬੋਲ ਬਦਲ ਦਿੱਤੇ। ਇਸ ਕਦਮ ਤੋਂ ਬਾਅਦ ਪ੍ਰਸ਼ੰਸਕਾਂ 'ਚ ਉਨ੍ਹਾਂ ਦੀ ਕਾਫੀ ਤਾਰੀਫ ਹੋ ਰਹੀ ਹੈ। ਉਸਨੇ ਆਪਣੇ ਮਸ਼ਹੂਰ ਗੀਤ 'ਤੈਨੂੰ ਤੇਰੀ ਦਾਰੂ 'ਚ ਪਸੰਦ ਆ ਲੈਮੋਨੇਡ' ਨੂੰ 'ਤੈਨੂੰ ਤੇਰੀ ਕੋਕੇ 'ਚ ਪਸੰਦ ਆ ਲੈਮੋਨੇਡ' ਵਿੱਚ ਬਦਲ ਦਿੱਤਾ।