ਮੁੰਬਈ (ਬਿਊਰੋ):ਦਿਲਜੀਤ ਦੁਸਾਂਝ ਅਤੇ ਪਰਿਣੀਤੀ ਚੋਪੜਾ ਸਟਾਰਰ ਆਉਣ ਵਾਲੀ ਫਿਲਮ 'ਅਮਰ ਸਿੰਘ ਚਮਕੀਲਾ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਲਾਂਚ ਈਵੈਂਟ 'ਚ ਫਿਲਮਕਾਰ ਇਮਤਿਆਜ਼ ਅਲੀ ਨੇ ਦਿਲਜੀਤ ਦੁਸਾਂਝ ਦੀ ਖੂਬ ਤਾਰੀਫ ਕੀਤੀ, ਜਿਸ ਕਾਰਨ ਉਹ ਭਾਵੁਕ ਹੋ ਗਏ ਅਤੇ ਨਾਲ ਹੀ ਉਨ੍ਹਾਂ ਦੀਆਂ ਅੱਖਾਂ 'ਚ ਹੰਝੂ ਆ ਗਏ। ਦਿਲਜੀਤ ਦੁਸਾਂਝ ਨੇ 'ਚਮਕੀਲਾ' ਦਾ ਕਿਰਦਾਰ ਨਿਭਾਇਆ ਹੈ, ਜੋ ਕਿ ਆਪਣੇ ਸਮੇਂ ਦੇ ਬਹੁਤ ਮਸ਼ਹੂਰ ਕਲਾਕਾਰ ਸਨ, ਜੋ ਆਪਣੀ ਪ੍ਰਤਿਭਾ ਦੇ ਕਾਰਨ 1980 ਦੇ ਦਹਾਕੇ ਵਿੱਚ ਗਰੀਬੀ ਤੋਂ ਪ੍ਰਸਿੱਧੀ ਤੱਕ ਪਹੁੰਚਿਆ ਸੀ।
ਟ੍ਰੇਲਰ ਵਿੱਚ ਦਿਲਜੀਤ ਦੁਸਾਂਝ ਚਮਕੀਲਾ ਦੇ ਰੂਪ ਵਿੱਚ ਸ਼ਾਨਦਾਰ ਨਜ਼ਰ ਆ ਰਹੇ ਹਨ। ਟ੍ਰੇਲਰ ਲਾਂਚ ਦੇ ਮੌਕੇ 'ਤੇ ਇਸ ਫਿਲਮ ਬਾਰੇ ਗੱਲ ਕਰਦੇ ਹੋਏ ਇਮਤਿਆਜ਼ ਨੇ ਕਿਹਾ, 'ਮੈਂ ਇਸ ਬਾਰੇ ਏਆਰ ਰਹਿਮਾਨ ਨਾਲ ਗੱਲ ਕੀਤੀ ਸੀ, ਅਸੀਂ ਸੋਚ ਰਹੇ ਸੀ ਕਿ ਸਾਨੂੰ ਕਿਸ ਨੂੰ ਕਾਸਟ ਕਰਨਾ ਚਾਹੀਦਾ ਹੈ। ਸਭ ਤੋਂ ਪਹਿਲਾਂ ਜੋ ਨਾਮ ਸਾਡੇ ਦਿਮਾਗ ਵਿੱਚ ਆਇਆ ਉਹ ਸੀ ਦਿਲਜੀਤ ਪਾਜੀ। ਪਰ ਸਾਨੂੰ ਲੱਗਾ ਕਿ ਇਹ ਕਾਸਟਿੰਗ ਸੰਭਵ ਨਹੀਂ ਹੋਵੇਗੀ ਅਤੇ ਉਹ ਫਿਲਮ ਨਹੀਂ ਕਰੇਗਾ।'
ਇਮਤਿਆਜ਼ ਨੇ ਅੱਗੇ ਕਿਹਾ, 'ਮੈਨੂੰ ਯਾਦ ਹੈ ਕਿ ਮੈਂ ਅੰਗਦ ਨਾਲ ਵੀ ਗੱਲ ਕੀਤੀ ਸੀ।' ਅੰਗਦ ਨੇ ਵੀ ਕਿਹਾ, 'ਤੁਸੀਂ ਦਿਲਜੀਤ ਨਾਲ ਗੱਲ ਕਿਉਂ ਨਹੀਂ ਕਰਦੇ?' ਫਿਰ ਆਖਿਰਕਾਰ ਮੈਂ ਦਿਲਜੀਤ ਨਾਲ ਗੱਲ ਕੀਤੀ।'
ਇਮਤਿਆਜ਼ ਅਲੀ ਨੇ ਇੱਥੋਂ ਤੱਕ ਕਿਹਾ, 'ਮੈਨੂੰ ਲੱਗਦਾ ਹੈ ਕਿ ਇਹ ਫਿਲਮ ਦਿਲਜੀਤ ਅਤੇ ਪਰਿਣੀਤੀ ਤੋਂ ਬਿਨਾਂ ਨਹੀਂ ਬਣ ਸਕਦੀ ਸੀ। ਮੈਨੂੰ ਉਮੀਦ ਹੈ ਕਿ ਜਦੋਂ ਤੁਸੀਂ ਸਾਰੇ ਇਸਨੂੰ ਦੇਖੋਗੇ, ਤਾਂ ਤੁਹਾਨੂੰ ਅਹਿਸਾਸ ਹੋਵੇਗਾ ਕਿ ਮੈਂ ਇਹ ਕਿਉਂ ਕਹਿ ਰਿਹਾ ਹਾਂ।'
ਉਨ੍ਹਾਂ ਨੇ ਦਿਲਜੀਤ ਦੀ ਤਾਰੀਫ ਕਰਦੇ ਹੋਏ ਕਿਹਾ, 'ਇਹ ਤਾਂ ਤੁਹਾਡੀ ਸ਼ੁਰੂਆਤ ਹੈ ਦਿਲਜੀਤ।' ਇਹ ਸੁਣ ਕੇ ਦਿਲਜੀਤ ਭਾਵੁਕ ਹੋ ਗਿਆ ਅਤੇ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ। ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਤ 'ਅਮਰ ਸਿੰਘ ਚਮਕੀਲਾ' ਪੰਜਾਬ ਦੇ ਅਸਲ ਰੌਕਸਟਾਰ ਦੀ ਅਣਕਹੀ ਸੱਚੀ ਕਹਾਣੀ ਪੇਸ਼ ਕਰਦੀ ਹੈ। 80 ਦੇ ਦਹਾਕੇ ਵਿੱਚ ਗ਼ਰੀਬੀ ਦੇ ਪਰਛਾਵੇਂ ਤੋਂ ਉੱਠ ਕੇ ਪ੍ਰਸਿੱਧੀ ਦੀਆਂ ਬੁਲੰਦੀਆਂ 'ਤੇ ਪਹੁੰਚਿਆ ਸੀ। ਜਿਸ ਦਾ 27 ਸਾਲ ਦੀ ਛੋਟੀ ਉਮਰ ਵਿੱਚ ਕਤਲ ਕਰ ਦਿੱਤਾ ਗਿਆ ਸੀ। 'ਅਮਰ ਸਿੰਘ ਚਮਕੀਲਾ' 12 ਅਪ੍ਰੈਲ ਤੋਂ OTT ਪਲੇਟਫਾਰਮ Netflix 'ਤੇ ਸਟ੍ਰੀਮ ਕਰਨ ਲਈ ਤਿਆਰ ਹੈ।