Diljit Dosanjh Concert Ticket Scam:ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ 'ਕੋਲਡਪਲੇ' ਅਤੇ ਦਿਲਜੀਤ ਦੁਸਾਂਝ ਦੇ 'ਦਿਲ ਲੂਮਿਨਾਟੀ' ਕੰਸਰਟ ਦੀਆਂ ਟਿਕਟਾਂ ਦੀ ਹੇਰਾਫੇਰੀ ਦੇ ਮਾਮਲੇ ਵਿੱਚ ਜੈਪੁਰ ਸਮੇਤ ਚਾਰ ਸ਼ਹਿਰਾਂ ਵਿੱਚ ਛਾਪੇਮਾਰੀ ਕੀਤੀ ਹੈ। ਇਸ ਛਾਪੇਮਾਰੀ ਦੌਰਾਨ ਮੋਬਾਈਲ, ਸਿਮ ਕਾਰਡ ਅਤੇ ਲੈਪਟਾਪ ਸਮੇਤ ਕਈ ਡਿਜੀਟਲ ਯੰਤਰ ਜ਼ਬਤ ਕੀਤੇ ਗਏ ਹਨ, ਜਿਨ੍ਹਾਂ 'ਚ ਟਿਕਟ ਘਪਲੇ ਦੇ ਸਬੂਤ ਹਨ। ਹੁਣ ਈਡੀ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਇਸ ਕੰਸਰਟ ਦੀ ਟਿਕਟ ਦੀ ਵਿਕਰੀ 'ਚ ਬੇਨਿਯਮੀਆਂ ਅਤੇ ਕਾਲਾਬਾਜ਼ਾਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਈਡੀ ਨੇ ਜਾਂਚ ਆਪਣੇ ਹੱਥਾਂ 'ਚ ਲੈ ਲਈ ਹੈ।
3 ਨਵੰਬਰ ਨੂੰ ਹੋਣ ਵਾਲੇ ਸ਼ੋਅ ਨੂੰ ਲੈ ਕੇ ਜਾਂਚ
ਦਰਅਸਲ, 3 ਨਵੰਬਰ ਨੂੰ ਜੈਪੁਰ 'ਚ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਅਤੇ ਬ੍ਰਿਟਿਸ਼ ਰਾਕ ਬੈਂਡ ਕੋਲਡਪਲੇ ਦਾ ਮਿਊਜ਼ਿਕ ਕੰਸਰਟ ਹੈ। ਹੁਣ ਈਡੀ ਦੇ ਛਾਪੇ ਤੋਂ ਬਾਅਦ ਇਸ ਸ਼ੋਅ ਨੂੰ ਲੈ ਕੇ ਸੰਗੀਤ ਪ੍ਰੇਮੀਆਂ ਵਿੱਚ ਭੰਬਲਭੂਸਾ ਹੈ। ਇਹ ਸੰਗੀਤ ਸਮਾਰੋਹ 3 ਨਵੰਬਰ ਨੂੰ ਜੇਈਸੀਸੀ, ਸੀਤਾਪੁਰਾ, ਜੈਪੁਰ ਵਿਖੇ ਹੈ।
ਦੱਸਿਆ ਜਾ ਰਿਹਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਇਸ ਕੰਸਰਟ ਦੀਆਂ ਟਿਕਟਾਂ ਦੀ ਕਾਲਾਬਾਜ਼ਾਰੀ ਕੀਤੀ ਗਈ ਸੀ। ਟਿਕਟ ਦੀ ਕੀਮਤ 2999 ਰੁਪਏ ਤੋਂ ਲੈ ਕੇ 13999 ਰੁਪਏ ਤੱਕ ਸੀ, ਜਦੋਂ ਕਿ ਬਲੈਕ ਮਾਰਕੀਟਿੰਗ ਵਿੱਚ ਇੱਕ ਟਿਕਟ ਲਈ 45 ਹਜ਼ਾਰ ਰੁਪਏ ਤੱਕ ਵਸੂਲੇ ਜਾ ਰਹੇ ਸਨ। ਇਸ ਮਾਮਲੇ 'ਚ ਈਡੀ ਨੇ ਜੈਪੁਰ 'ਚ ਦੋ ਥਾਵਾਂ 'ਤੇ ਛਾਪੇਮਾਰੀ ਕੀਤੀ ਹੈ।