ਫਰੀਦਕੋਟ:ਪੰਜਾਬੀ ਮਨੋਰੰਜਨ ਉਦਯੋਗ ਵਿੱਚ ਬਤੌਰ ਕਾਮੇਡੀਅਨ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਅਦਾਕਾਰ ਮਿੰਟੂ ਹੁਣ ਗੰਭੀਰ ਕਿਰਦਾਰਾਂ ਵੱਲ ਵੀ ਅਪਣਾ ਰੁਖ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਨਵੇਂ ਅਦਾਕਾਰੀ ਸਫ਼ਰ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਉਨਾਂ ਦੀ ਨਵੀਂ ਪੰਜਾਬੀ ਫ਼ਿਲਮ 'Karrar kha' ਦੁਆਰਾ ਉਹ ਬਿਲਕੁਲ ਅਲਹਦਾ ਰੋਲ ਵਿੱਚ ਦਰਸ਼ਕਾਂ ਅਤੇ ਅਪਣੇ ਚਾਹੁਣ ਵਾਲਿਆ ਸਨਮੁੱਖ ਹੋਣਗੇ।
ਆਨ ਫਲੌਰ ਪੜਾਅ ਦਾ ਹਿੱਸਾ ਬਣ ਚੁੱਕੀ ਅਤੇ ਤੇਜ਼ੀ ਨਾਲ ਸੰਪੂਰਨਤਾ ਵੱਲ ਵੱਧ ਰਹੀ ਇਸ ਅਰਥ-ਭਰਪੂਰ ਫ਼ਿਲਮ ਦਾ ਨਿਰਦੇਸ਼ਨ ਨਰੇਸ਼ ਮਲਹੋਤਰਾ ਕਰ ਰਹੇ ਹਨ, ਜੋ ਇਸ ਦਿਲਚਸਪ ਅਤੇ ਰੋਮਾਂਚਕ ਫ਼ਿਲਮ ਨਾਲ ਬਤੌਰ ਨਿਰਦੇਸ਼ਕ ਪੰਜਾਬੀ ਸਿਨੇਮਾਂ ਖੇਤਰ ਵਿੱਚ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ। 'ਐਨ.ਐਫ ਜੀ ਮੂਵੀਜ਼ ਅਤੇ ਪ੍ਰੋਡੋਕਸ਼ਨ ਹਾਊਸ ਵੱਲੋ ਬਣਾਈ ਅਤੇ ਪ੍ਰਸਤੁਤ ਕੀਤੀ ਜਾਣ ਵਾਲੀ ਇਸ ਫ਼ਿਲਮ ਦੇ ਸਿਨੇਮਾਟੋਗ੍ਰਾਫ਼ਰ ਸਮੀਰ ਗਿੱਲ ਹਨ, ਜੋ ਇਸ ਤੋਂ ਪਹਿਲਾ ਵੀ ਕੈਮਰਾਮੈਨ ਦੇ ਤੌਰ 'ਤੇ ਕਈ ਬੇਹਤਰੀਣ ਫਿਲਮਾਂ ਨੂੰ ਖੂਬਸੂਰਤ ਰੂਪ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।