ਚੰਡੀਗੜ੍ਹ: ਸਿਨੇਵੈਸਚਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੇ ਪਹਿਲੇ ਐਡੀਸ਼ਨ ਦਾ ਸ਼ਾਨਦਾਰ ਆਗਾਜ਼ ਚੰਡੀਗੜ੍ਹ ਵਿਖੇ ਤਾਜ ਗ੍ਰੈਂਡ ਬਾਲਰੂਮ ਵਿਖੇ ਹੋ ਚੁੱਕਾ ਹੈ, ਜਿਸ ਦੀ ਰਸਮੀ ਸ਼ੁਰੂਆਤ ਬਾਲੀਵੁੱਡ ਦੇ ਦਿੱਗਜ ਅਦਾਕਾਰ ਬੋਮਨ ਇਰਾਨੀ ਨੇ ਕੀਤੀ, ਜਿੰਨ੍ਹਾਂ ਨਾਲ ਬੀ-ਟਾਊਨ ਦੀਆਂ ਕਈ ਹੋਰ ਅਹਿਮ ਸ਼ਖਸ਼ੀਅਤਾਂ ਵੀ ਇਸ ਸਮਾਰੋਹ ਨੂੰ ਚਾਰ ਚੰਨ ਲਾਉਣ ਲਈ ਪੁੱਜੀਆਂ।
ਤਿੰਨ ਰੋਜ਼ਾ ਉਕਤ ਫੈਸਟੀਵਲ ਦੇ ਪਹਿਲੇ ਪੜਾਅ ਅਧੀਨ ਮਾਸਟਰ ਕਲਾਸਾਂ ਅਤੇ ਪੈਨਲ ਚਰਚਾਵਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਦੌਰਾਨ ਸਿਨੇਮਾ ਸਿਰਜਨਾਵਾਂ ਦੇ ਵੱਖ-ਵੱਖ ਪਹਿਲੂਆਂ ਉਪਰ ਮੰਨੇ-ਪ੍ਰਮੰਨੇ ਸਿਨੇਮਾ ਖੇਤਰ ਬੁਲਾਰਿਆਂ ਵੱਲੋਂ ਚਰਚਾ ਕੀਤੀ ਜਾਵੇਗੀ, ਜਿੰਨ੍ਹਾਂ ਵਿੱਚ ਜੈਦੀਪ ਅਹਲਾਵਤ, ਤਾਹਿਰਾ ਕਸ਼ਯਪ, ਰਿਚਾ ਚੱਢਾ, ਅਲੀ ਫਜ਼ਲ, ਰੌਸ਼ਨ ਮੈਥਿਊ, ਅਭੈ ਦਿਓਲ, ਸੁਧੀਰ ਮਿਸ਼ਰਾ, ਕੋਹਰਾ ਸਟਾਰ ਸੁਵਿੰਦਰ ਵਿੱਕੀ, ਬੋਮਨ ਰਾਜੀ ਦੁਗਾਲ, ਰਾਯ ਦੁਗਾਲ, ਰਾਜ ਇਰਾਨੀ, ਰਣਦੀਪ ਝਾਅ, ਫਿਲਮ ਨਿਰਦੇਸ਼ਕ ਅਤੇ ਲੇਖਕ, ਤੱਬਰ ਨਿਰਦੇਸ਼ਕ ਅਜੀਤਪਾਲ ਸਿੰਘ, 'ਕੇਸਰੀ' ਨਿਰਦੇਸ਼ਕ ਅਨੁਰਾਗ ਸਿੰਘ, ਮਿਸਟਰ ਇੰਡੀਆ ਫਿਲਮ ਨਿਰਮਾਤਾ ਸ਼ੇਖਰ ਕਪੂਰ ਅਤੇ ਅਕੈਡਮੀ ਅਵਾਰਡ ਜੇਤੂ ਫਿਲਮ ਐਲਿਜ਼ਾਬੈਥ ਦੇ ਨਿਰਦੇਸ਼ਕ, ਸੁਧੀਰ ਮਿਸ਼ਰਾ ਅਤੇ ਸੌਗਾਤਾ ਮੁਖਰਜੀ, ਸਮੱਗਰੀ ਦੇ ਮੁਖੀ, ਸੋਨੀਲਿਵ, ਸੋਨੀ ਪਿਕਚਰ ਜਿਹੀਆਂ ਪ੍ਰਸਿੱਧ ਹਸਤੀਆਂ ਸ਼ਾਮਿਲ ਰਹਿਣਗੀਆਂ।
ਸਮਾਰੋਹ ਪ੍ਰਬੰਧਨ ਅਨੁਸਾਰ ਫੈਸਟੀਵਲ ਦੇ ਫਾਈਨਲ ਸੈਸ਼ਨ ਵਿੱਚ ਧਰਮਾ ਪ੍ਰੋਡਕਸ਼ਨ ਦੇ ਨਿਰਮਾਤਾ ਅਤੇ ਨਿਰਦੇਸ਼ਕ ਕਰਨ ਜੌਹਰ ਦੇ ਨਾਲ ਇੱਕ ਮਾਸਟਰ ਕਲਾਸ ਸ਼ਾਮਲ ਹੋਵੇਗੀ, ਜਿਸ ਦੌਰਾਨ ਵੱਖ-ਵੱਖ ਸ਼ੈਸ਼ਨ ਦਾ ਸੰਚਾਲਨ ਨਮਰਤਾ ਜੋਸ਼ੀ ਸੀਨੀਅਰ ਪੱਤਰਕਾਰ, ਫਿਲਮ ਆਲੋਚਕ ਅਤੇ ਪ੍ਰੋਗਰਾਮਰ/ਕਿਊਰੇਟਰ ਵੱਲੋਂ ਕੀਤਾ ਜਾਵੇਗਾ।