ਲਾਸ ਏਂਜਲਸ:ਕ੍ਰਿਸਟੋਫਰ ਨੋਲਨ ਦੀ ਐਪਿਕ ਬਾਇਓਗ੍ਰਾਫੀਕਲ ਥ੍ਰਿਲਰ ਫਿਲਮ ਓਪਨਹਾਈਮਰ ਲਈ ਕਿਲੀਅਨ ਮਰਫੀ ਨੇ ਸਰਵੋਤਮ ਅਦਾਕਾਰ ਦਾ ਆਸਕਰ ਐਵਾਰਡ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਓਪਨਹਾਈਮਰ ਨੇ ਆਸਕਰ 2024 ਵਿੱਚ ਸਭ ਤੋਂ ਵੱਧ ਆਸਕਰ ਜਿੱਤੇ ਹਨ। ਇਸ ਦੇ ਨਾਲ ਹੀ 'ਓਪਨਹਾਈਮਰ' ਸਟਾਰ ਕਿਲੀਅਨ ਮਰਫੀ ਨੇ ਆਪਣਾ ਪਹਿਲਾਂ ਆਸਕਰ ਜਿੱਤਿਆ ਹੈ।
ਇਸ ਨਾਲ ਕਿਲੀਅਨ ਮਰਫੀ ਆਸਕਰ ਜਿੱਤਣ ਵਾਲੇ ਪਹਿਲੇ ਆਇਰਿਸ਼ ਅਦਾਕਾਰ ਬਣ ਗਏ ਹਨ। ਆਸਕਰ ਮੰਚ 'ਤੇ ਆਸਕਰ ਟਰਾਫੀ ਹੱਥ 'ਚ ਲੈ ਕੇ ਕਿਲੀਅਨ ਮਰਫੀ ਨੇ ਆਪਣੇ ਭਾਸ਼ਣ ਨਾਲ ਦੁਨੀਆ ਦਾ ਦਿਲ ਜਿੱਤ ਲਿਆ ਹੈ।
ਆਪਣੇ ਆਸਕਰ ਜੇਤੂ ਭਾਸ਼ਣ ਵਿੱਚ ਕਿਲੀਅਨ ਮਰਫੀ ਨੇ ਸਭ ਤੋਂ ਪਹਿਲਾਂ ਆਪਣੀ ਫਿਲਮ ਓਪਨਹਾਈਮਰ ਦੇ ਨਿਰਦੇਸ਼ਕ ਕ੍ਰਿਸਟੋਫਰ ਨੋਲਨ ਦਾ ਧੰਨਵਾਦ ਕੀਤਾ। ਕਿਲੀਅਨ ਨੇ ਕਿਹਾ, 'ਕ੍ਰਿਸਟੋਫਰ ਨੇ ਮੈਨੂੰ ਆਪਣੀ ਇਸ ਵੱਡੀ ਫਿਲਮ ਲਈ ਸਮਰੱਥ ਸਮਝਿਆ ਅਤੇ ਮੈਨੂੰ ਇੱਕ ਵਧੀਆ ਰੋਲ ਕਰਨ ਦਾ ਮੌਕਾ ਦਿੱਤਾ, ਇਹ ਮੇਰੇ ਲਈ ਵੱਡੀ ਗੱਲ ਹੈ, ਮੈਂ ਇਸ ਲਈ ਤੁਹਾਡਾ ਧੰਨਵਾਦ ਕਰਦਾ ਹਾਂ, ਇਹ ਪੁਰਸਕਾਰ ਓਪਨਹਾਈਮਰ ਦੀ ਪੂਰੀ ਟੀਮ ਅਤੇ ਚਾਲਕ ਦਲ ਨੂੰ ਸਮਰਪਿਤ ਹੈ। ਇਹ ਸਾਡੇ ਸਾਰਿਆਂ ਦੀ ਜਿੱਤ ਹੈ ਅਤੇ ਸਭ ਤੋਂ ਮਹੱਤਵਪੂਰਨ ਮੈਂ ਇਹ ਪੁਰਸਕਾਰ ਸ਼ਾਂਤੀ ਬਣਾਉਣ ਵਾਲੇ ਰਾਬਰਟ ਜੇ. ਓਪਨਹਾਈਮਰ ਨੂੰ ਸਮਰਪਿਤ ਕਰਦਾ ਹਾਂ, ਪਰਮਾਣੂ ਬੰਬ ਦੇ ਪਿਤਾਮਾ, ਜਿਨ੍ਹਾਂ ਨੇ ਸਾਨੂੰ ਸ਼ਾਂਤੀ ਨਾਲ ਰਹਿਣ ਦਾ ਸੰਦੇਸ਼ ਦਿੱਤਾ ਸੀ।'
ਉਲੇਖਯੋਗ ਹੈ ਕਿ 13 ਸ਼੍ਰੇਣੀਆਂ 'ਚ ਨਾਮਜ਼ਦ ਹੋਣ ਤੋਂ ਬਾਅਦ ਓਪਨਹਾਈਮਰ ਨੇ ਬੈਸਟ ਫਿਲਮ, ਬੈਸਟ ਡਾਇਰੈਕਟਰ, ਬੈਸਟ ਐਕਟਰ, ਬੈਸਟ ਫਿਲਮ ਐਡੀਟਿੰਗ, ਬੈਸਟ ਓਰੀਜਨਲ ਸਕੋਰ, ਬੈਸਟ ਸਿਨੇਮੈਟੋਗ੍ਰਾਫੀ, ਬੈਸਟ ਐਕਟਰ ਸਪੋਰਟਿੰਗ ਰੋਲ 'ਚ ਆਸਕਰ ਜਿੱਤਿਆ ਹੈ।