ਚੰਡੀਗੜ੍ਹ: ਹਿੰਦੀ ਸਿਨੇਮਾ ਜਗਤ ਵਿੱਚ ਕਈ ਸ਼ਾਨਦਾਰ ਪ੍ਰਾਪਤੀਆਂ ਆਪਣੇ ਨਾਂਅ ਕਰਨ ਵਿੱਚ ਸਫ਼ਲ ਰਹੀ ਅਦਾਕਾਰਾ ਪੂਨਮ ਢਿੱਲੋਂ ਇੰਨੀਂ ਦਿਨੀਂ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਨਿਵੇਕਲੇ ਅਤੇ ਨਵੇਂ ਸਿਨੇਮਾ ਮਾਪਦੰਢ ਸਥਾਪਿਤ ਕਰਨ ਵੱਲ ਵੱਧਦੀ ਨਜ਼ਰੀ ਆ ਰਹੀ ਹੈ, ਜਿਸ ਦਾ ਹੀ ਪ੍ਰਭਾਵੀ ਰੂਪ ਵਿੱਚ ਇਜ਼ਹਾਰ ਕਰਵਾਉਣ ਜਾ ਰਹੀ ਹੈ ਉਨਾਂ ਦੀ ਸ਼ੁਰੂ ਹੋ ਚੁੱਕੀ ਅਨ-ਟਾਈਟਲ ਪੰਜਾਬੀ ਫਿਲਮ, ਜੋ ਦੁਆਬਾ ਇਲਾਕਿਆਂ ਵਿੱਚ ਤੇਜ਼ੀ ਨਾਲ ਸੰਪੂਰਨ ਕੀਤੀ ਜਾ ਰਹੀ ਹੈ।
'ਕ੍ਰਿਏਟਿਵ ਬਰੋਜ਼ ਪ੍ਰੋਡੋਕਸ਼ਨ ਯੂਐਸਏ' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਸੰਨੀ ਬਿਨਿੰਗ ਅਤੇ ਅਮਰੀਕਨ ਸਿਨੇਮਾ ਅਤੇ ਕਲਾ ਖੇਤਰ ਵਿੱਚ ਵਿਲੱਖਣ ਪਹਿਚਾਣ ਰੱਖਦੇ ਹੈਰੀ ਬਰਾੜ ਕਰ ਰਹੇ ਹਨ, ਜਦ ਇਸ ਦੇ ਸਿਨੇਮਾਟੋਗ੍ਰਾਫ਼ਰੀ ਪੱਖ ਸੋਨੀ ਸਿੰਘ ਸੰਭਾਲ ਰਹੇ ਹਨ।
ਪੰਜਾਬ ਦੇ ਹੁਸ਼ਿਆਰਪੁਰ ਅਤੇ ਫਗਵਾੜਾ ਖਿੱਤੇ ਵਿੱਚ ਫਿਲਮਬੱਧ ਕੀਤੀ ਜਾ ਰਹੀ ਇਸ ਫਿਲਮ ਵਿੱਚ ਅਦਾਕਾਰਾ ਪੂਨਮ ਢਿੱਲੋਂ ਬਿਲਕੁਲ ਜੁਦਾ ਅਤੇ ਅਜਿਹੇ ਭਾਵਪੂਰਨ ਵਿੱਚ ਵਿਖਾਈ ਦੇਣਗੇ, ਜਿਸ ਤਰ੍ਹਾਂ ਦਾ ਰੋਲ ਉਨਾਂ ਵੱਲੋਂ ਆਪਣੀ ਪਹਿਲੋਂ ਕਿਸੇ ਫਿਲਮ ਵਿੱਚ ਪਲੇ ਨਹੀਂ ਕੀਤਾ ਗਿਆ।
ਹਾਲ ਹੀ ਵਿੱਚ ਸਾਹਮਣੇ ਆਈ ਅਤੇ ਰਾਜ ਬੱਬਰ ਸਟਾਰਰ 'ਉਮਰਾਂ 'ਚ ਕੀ ਰੱਖਿਆ' ਦਾ ਸ਼ਾਨਦਾਰ ਹਿੱਸਾ ਰਹੀ ਇਸ ਬਾਕਮਾਲ ਅਦਾਕਾਰਾਂ ਨੇ ਆਪਣੀ ਇਸ ਨਵੀਂ ਫਿਲਮ ਅਤੇ ਇਸ ਵਿਚਲੇ ਕਿਰਦਾਰ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲੀ ਵਾਰ ਬਹੁਤ ਹੀ ਅਨੂਠਾ ਕਿਰਦਾਰ ਪਲੇ ਕਰ ਰਹੀ ਹਾਂ, ਜਿਸ ਨੂੰ ਨਿਭਾਉਣਾ ਬਹੁਤ ਹੀ ਚੈਲੇਜਿੰਗ ਸਾਬਿਤ ਹੋ ਰਿਹਾ ਹੈ।
ਉਨਾਂ ਦੱਸਿਆ ਕਿ ਮੇਨ ਸਟਰੀਮ ਸਿਨੇਮਾ ਤੋਂ ਇਕਦਮ ਅਲਹਦਾ ਹੱਟ ਕੇ ਬਣਾਈ ਜਾ ਰਹੀ ਇਸ ਫਿਲਮ ਦੀ ਕਹਾਣੀ ਪਰਿਵਾਰਕ ਡਰਾਮਾ ਕਹਾਣੀ ਬੇਸਡ ਹੈ, ਜਿਸ ਵਿੱਚ ਮੈਂ ਗੁੱਗੂ ਗਿੱਲ ਅਤੇ ਸਰਬਜੀਤ ਚੀਮਾ ਨਾਲ ਕਾਫ਼ੀ ਇਮੋਸ਼ਨਲ ਕਿਰਦਾਰ ਅਦਾ ਕਰ ਰਹੀ ਹਾਂ।
ਮੁੰਬਈ ਤੋਂ ਉਚੇਚੇ ਤੌਰ 'ਤੇ ਉਕਤ ਫਿਲਮ ਦਾ ਹਿੱਸਾ ਬਣਨ ਪੰਜਾਬ ਪੁੱਜੀ ਹੋਈ ਇਸ ਬਿਹਤਰੀਨ ਅਦਾਕਾਰਾ ਨੇ ਦੱਸਿਆ ਕਿ ਮੈਂ ਅੱਜਕੱਲ੍ਹ ਚੁਣਿੰਦਾ ਫਿਲਮਾਂ ਅਤੇ ਕਿਰਦਾਰ ਕਰਨ ਨੂੰ ਤਰਜ਼ੀਹ ਦੇ ਰਹੀ ਹਾਂ ਤਾਂ ਕਿ ਕੁਝ ਨਵਾਂ ਕਰਨ ਦਾ ਮੌਕਾ ਮਿਲ ਸਕੇ ਅਤੇ ਖੁਸ਼ੀ ਮਹਿਸੂਸ ਕਰ ਰਹੀ ਹਾਂ ਇਸ ਫਿਲਮ ਵਿੱਚ ਅਜਿਹਾ ਰੋਲ ਕਰਨ ਦਾ ਅਵਸਰ ਮਿਲਿਆ ਹੈ, ਜਿਸ ਤਰ੍ਹਾਂ ਦੀ ਭੂਮਿਕਾ ਕਰਨ ਦੀ ਤਾਂਘ ਪਿਛਲੇ ਲੰਬੇ ਸਮੇਂ ਤੋਂ ਰਹੀ ਹੈ।
ਆਪਣੀਆਂ ਆਗਾਮੀ ਫਿਲਮਾਂ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਬਿਹਤਰੀਨ ਅਦਾਕਾਰਾਂ ਨੇ ਦੱਸਿਆ ਕਿ ਇੱਕ ਹੋਰ ਅਰਥ-ਭਰਪੂਰ ਫਿਲਮ 'ਇੱਕ ਕੋਰੀ ਪ੍ਰੇਮ ਕਥਾ' ਵੀ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਵਿੱਚ ਵੀ ਉਨਾਂ ਦੀ ਭੂਮਿਕਾ ਕਾਫ਼ੀ ਪ੍ਰਭਾਵਸ਼ਾਲੀ ਹੈ।