ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਬਤੌਰ ਅਦਾਕਾਰ ਸਫਲ ਅਤੇ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਅਦਾਕਾਰ ਬਿਨੂੰ ਢਿੱਲੋਂ, ਜੋ ਹੁਣ ਇਸ ਵਰ੍ਹੇ 2024 ਦੀ ਅਪਣੀ ਪਹਿਲੀ ਪੰਜਾਬੀ ਫਿਲਮ 'ਜਿਉਂਦੇ ਰਹੋ ਭੂਤ ਜੀ' ਨਾਲ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨਾਂ ਦੀ ਇਸ ਬਹੁ-ਚਰਚਿਤ ਨਵੀਂ ਫਿਲਮ ਦਾ ਨਿਰਦੇਸ਼ਨ ਪਾਲੀਵੁੱਡ ਦੇ ਮੰਨੇ ਪ੍ਰਮੰਨੇ ਫਿਲਮਕਾਰ ਸਮੀਪ ਕੰਗ ਵੱਲੋਂ ਕੀਤਾ ਗਿਆ ਹੈ।
'ਪ੍ਰਸੈਨ ਫਿਲਮਜ਼' ਅਤੇ 'ਸਮੀਪ ਕੰਗ ਪ੍ਰੋਡਕਸ਼ਨ' ਵੱਲੋਂ ਸੁਯੰਕਤ ਰੂਪ ਵਿੱਚ ਨਿਰਮਿਤ ਕੀਤੀ ਗਈ ਉਕਤ ਹੌਰਰ-ਡਰਾਮਾ ਫਿਲਮ ਦੇ ਨਿਰਮਾਤਾ ਬਲਵਿੰਦਰ ਕੌਰ ਕਾਹਲੋਂ ਅਤੇ ਸਮੀਪ ਕੰਗ ਹਨ, ਜਦਕਿ ਇਸ ਦਾ ਸਟੋਰੀ ਅਤੇ ਸਕਰੀਨਪਲੇਅ ਲੇਖਨ ਵੈਭਵ-ਸ਼੍ਰੇਆ ਦੁਆਰਾ ਕੀਤਾ ਗਿਆ ਹੈ ਅਤੇ ਡਾਇਲਾਗ ਰਾਜੂ ਵਰਮਾ ਨੇ ਲਿਖੇ ਹਨ।
ਮੋਹਾਲੀ-ਖਰੜ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਫਿਲਮਾਈ ਗਈ ਇਸ ਫਿਲਮ ਦੇ ਐਸੋਸੀਏਟ ਨਿਰਦੇਸ਼ਕ ਸਤਿੰਦਰ ਸਿੰਘ ਦੇਵ ਹਨ, ਜਿੰਨਾਂ ਅਨੁਸਾਰ ਦਿਲਚਸਪ ਕੰਨਸੈਪਟ ਅਧਾਰਿਤ ਇਸ ਫਿਲਮ ਦਾ ਗੀਤ ਸੰਗੀਤ ਪੱਖ ਵੀ ਇਸ ਦਾ ਖਾਸ ਆਕਰਸ਼ਨ ਹੋਵੇਗਾ, ਜਿਸ ਨੂੰ ਡਾਇਮੰਡ ਸਟਾਰ ਵਰਲਡ ਵਾਈਡ ਵੱਲੋਂ ਤਿਆਰ ਕੀਤਾ ਗਿਆ ਹੈ।
ਬੀਤੇ ਸਾਲ ਰਿਲੀਜ਼ ਹੋਈਆਂ ਆਪਣੀਆਂ ਦੋ ਵੱਡੀਆਂ ਫਿਲਮਾਂ 'ਕੈਰੀ ਆਨ ਜੱਟਾ' ਅਤੇ 'ਮੌਜਾਂ ਹੀ ਮੌਜਾਂ' ਨਾਲ ਅਪਾਰ ਚਰਚਾ ਦਾ ਕੇਂਦਰ ਬਿੰਦੂ ਬਣੇ ਰਹੇ ਹਨ ਅਦਾਕਾਰ ਬਿਨੂੰ ਢਿੱਲੋਂ, ਜੋ ਇੱਕ ਵਾਰ ਫਿਰ ਅਪਣੇ ਮਨਪਸੰਦ ਨਿਰਦੇਸ਼ਕ ਸਮੀਪ ਕੰਗ ਨਾਲ ਇਸ ਨਵੀਂ ਫਿਲਮ ਦਾ ਹਿੱਸਾ ਬਣੇ ਹਨ, ਜਿੰਨਾਂ ਇਕੱਠਿਆਂ ਦੀ ਜੋੜੀ ਵੱਲੋਂ ਕੀਤੀਆਂ ਬੇਸ਼ੁਮਾਰ ਫਿਲਮਾਂ ਸਫਲਤਾ ਦੇ ਕਈ ਨਵੇਂ ਕੀਰਤੀਮਾਨ ਸਥਾਪਿਤ ਕਰਨ ਵਿੱਚ ਸਫ਼ਲ ਰਹੀਆਂ ਹਨ, ਜਿੰਨਾਂ ਵਿੱਚ 'ਕੈਰੀ ਆਨ ਜੱਟਾ', 'ਕੈਰੀ ਆਨ ਜੱਟਾ 2', 'ਲੱਕੀ ਦੀ ਅਨਲੱਕੀ ਸਟੋਰੀ' ਆਦਿ ਜਿਹੀਆਂ ਬਿਹਤਰੀਨ ਕਾਮੇਡੀ ਫਿਲਮਾਂ ਵੀ ਸ਼ੁਮਾਰ ਰਹੀਆਂ ਹਨ।
ਅਦਾਕਾਰੀ ਦੇ ਨਾਲ-ਨਾਲ ਬਤੌਰ ਫਿਲਮ ਨਿਰਮਾਤਾ ਵੀ ਪੜਾਅ ਦਰ ਪੜਾਅ ਨਵੇਂ ਆਯਾਮ ਕਾਇਮ ਕਰਦੇ ਜਾ ਰਹੇ ਹਨ ਇਹ ਬਾਕਮਾਲ ਅਦਾਕਾਰ, ਜਿੰਨਾਂ ਵੱਲੋਂ ਅਪਣੇ ਘਰੇਲੂ ਫਿਲਮ ਨਿਰਮਾਣ ਹਾਊਸ ਅਧੀਨ ਬਣਾਈਆਂ ਜਾ ਰਹੀਆਂ ਮੰਨੋਰੰਜਕ ਫਿਲਮਾਂ ਨੂੰ ਵੀ ਦਰਸ਼ਕਾਂ ਦੇ ਸਨਮੁੱਖ ਕਰਨ ਵਿੱਚ ਲਗਾਤਾਰ ਮੋਹਰੀ ਭੂਮਿਕਾ ਨਿਭਾਈ ਜਾ ਰਹੀ ਹੈ, ਜਿੰਨਾਂ ਵੱਲੋਂ ਹਾਲੀਆਂ ਕਰੀਅਰ ਦੌਰਾਨ ਨਿਰਮਿਤ ਕੀਤੀਆਂ ਗਈਆਂ ਫਿਲਮਾਂ ਵੱਲ ਝਾਤ ਮਾਰੀ ਜਾਵੇ ਤਾਂ ਇੰਨਾਂ ਵਿੱਚ ਅਮਰਜੀਤ ਸਿੰਘ ਸਰਾਓ ਨਿਰਦੇਸ਼ਿਤ 'ਕਾਲਾ ਸ਼ਾਹ ਕਾਲਾ', 'ਝੱਲੇ' ਤੋਂ ਇਲਾਵਾ ਮਸ਼ਹੂਰ ਲੇਖਕ ਇੰਦਰਪਾਲ ਸਿੰਘ ਨਿਰਦੇਸ਼ਿਤ ਅਤੇ ਦੇਵ ਖਰੌੜ ਸਟਾਰਰ 'ਜਖ਼ਮੀ 'ਆਦਿ ਸ਼ਾਮਿਲ ਰਹੀਆਂ ਹਨ, ਜਿੰਨਾਂ ਵਿੱਚੋਂ 'ਕਾਲਾ ਸ਼ਾਹ ਕਾਲਾ' ਟਿਕਟ ਖਿੜਕੀ 'ਤੇ ਵੱਡੀ ਕਾਮਯਾਬੀ ਹਾਸਿਲ ਕਰਨ ਵਿਚ ਸਫ਼ਲ ਰਹੀ।