ਚੰਡੀਗੜ੍ਹ: ਪੰਜਾਬੀ ਗਾਇਕੀ ਅਤੇ ਸਿਨੇਮਾ ਦੇ ਚਮਕਦੇ ਸਿਤਾਰਿਆਂ ਵਿੱਚ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਅਰਮਾਨ ਬੇਦਿਲ, ਜੋ ਹਾਲੀਆ ਫਿਲਮਾਂ ਦੀ ਅਸਫ਼ਲਤਾ ਬਾਅਦ ਇੱਕ ਵਾਰ ਮੁੜ ਗਾਇਕੀ ਪਿੜ੍ਹ ਵਿੱਚ ਨਿਤਰਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦੀ ਇਸ ਇੱਕ ਹੋਰ ਪ੍ਰਭਾਵੀ ਗਾਇਕੀ ਆਮਦ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ 'ਬਟਰਫਲਾਈਜ਼', ਜੋ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।
'ਕੇ ਮਿਲੀਅਨ ਮਿਊਜ਼ਿਕ ਬੱਚਨ ਬੇਦਿਲ' ਅਤੇ 'ਗੁਰਨਵ ਪ੍ਰੋਡੋਕਸ਼ਨ ਹਾਊਸ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਸਦਾ ਬਹਾਰ ਗੀਤ ਨੂੰ ਅਵਾਜ਼ ਅਰਮਾਨ ਬੇਦਿਲ ਨੇ ਦਿੱਤੀ ਹੈ, ਜਦਕਿ ਇਸ ਦਾ ਸੰਗੀਤ ਗੋਰਵ ਦੇਵ ਅਤੇ ਕਾਰਤਿਕ ਦੇਵ ਨੇ ਤਿਆਰ ਕੀਤਾ ਹੈ, ਜੋ ਹਾਲ ਹੀ ਵਿਚ ਕੀਤੇ ਜੱਸੀ ਗਿੱਲ ਅਤੇ ਜਯਾ ਕਿਸ਼ੋਰੀ ਦੇ ਧਾਰਮਿਕ ਗਾਣੇ 'ਮਾਲਕਾ ਤੂੰ ਹੋਵੇਂ' ਨੂੰ ਲੈ ਕੇ ਖਾਸੀ ਸਲਾਹੁਤਾ ਹਾਸਿਲ ਕਰ ਚੁੱਕੇ ਹਨ।
ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਦੇ ਬੋਲ ਬੱਚਨ ਬੇਦਿਲ ਨੇ ਰਚੇ ਹਨ, ਜੋ ਢਾਈ ਦਹਾਕਿਆਂ ਬਾਅਦ ਇੱਕ ਵਾਰ ਫਿਰ ਗਾਇਕੀ ਅਤੇ ਗੀਤਕਾਰੀ ਖੇਤਰ ਵਿੱਚ ਨਵੇਂ ਦਿਸਹਿੱਦੇ ਸਿਰਜਦੇ ਜਾ ਰਹੇ ਹਨ। ਪਾਲੀਵੁੱਡ ਗਲਿਆਰਿਆਂ ਵਿੱਚ ਚਰਚਾ ਅਤੇ ਖਿੱਚ ਦਾ ਕੇਂਦਰ ਬਣੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਕਾਫ਼ੀ ਵੱਡੇ ਸਕੇਲ ਉੱਪਰ ਫਿਲਮਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਗੁਰਿੰਦਰ ਬਾਵਾ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਆਹਲਾ ਤਕਨੀਕੀ ਕੁਸ਼ਲਤਾ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਇਸ ਸੰਗੀਤਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਪਾਲੀਵੁੱਡ ਅਦਾਕਾਰਾ ਦਿਲਬਰ ਆਰਿਆ ਦੁਆਰਾ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਹਾਲ ਹੀ ਵਿੱਚ ਕਈ ਵੱਡੀਆਂ ਪੰਜਾਬੀ ਫਿਲਮਾਂ ਦਾ ਵੀ ਹਿੱਸਾ ਰਹੀ ਹੈ।
ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈਆਂ ਪੰਜਾਬੀ ਫਿਲਮਾਂ 'ਮੁੰਡਾ ਸਾਊਥਾਲ ਦਾ', 'ਅੱਲੜ੍ਹ ਵਰੇਸ' ਅਤੇ 'ਗੋਰਿਆਂ ਨਾਲ ਲੱਗਦੀ ਜ਼ਮੀਨ ਜੱਟ ਦੀ' ਦਾ ਸ਼ਾਨਦਾਰ ਹਿੱਸਾ ਰਹੇ ਹਨ ਅਦਾਕਾਰ ਅਰਮਾਨ ਬੇਦਿਲ, ਜਿੰਨ੍ਹਾਂ ਵਿੱਚ ਪ੍ਰਭਾਵੀ ਅਦਾਕਾਰੀ ਦੇ ਬਾਵਜੂਦ ਇਹ ਫਿਲਮਾਂ ਬਾਕਸ ਆਫਿਸ ਉਤੇ ਚੰਗੇਰੇ ਨਤੀਜੇ ਲਿਆਉਣ ਵਿੱਚ ਨਾਕਾਮ ਰਹੀਆਂ ਹਨ, ਜਿੰਨ੍ਹਾਂ ਦੀ ਅਸਫ਼ਲਤਾ ਤੋਂ ਉਭਰਦਿਆਂ ਇੱਕ ਹੋਰ ਪ੍ਰਭਾਵਸ਼ਾਲੀ ਪਾਰੀ ਵੱਲ ਕਦਮ ਵਧਾ ਚੁੱਕੇ ਹਨ, ਜੋ ਉਕਤ ਮਿਊਜ਼ਿਕ ਵੀਡੀਓ ਵਿੱਚ ਇੱਕ ਬਿਲਕੁਲ ਅਲਹਦਾ ਅਤੇ ਖੂਬਸੂਰਤ ਲੁੱਕ 'ਚ ਨਜ਼ਰ ਆਉਣਗੇ।
ਇਹ ਵੀ ਪੜ੍ਹੋ: