ਚੰਡੀਗੜ੍ਹ: ਹਿੰਦੀ ਫਿਲਮਾਂ ਦੇ ਨਾਲ-ਨਾਲ ਵੈੱਬ-ਸੀਰੀਜ਼ ਅਤੇ ਟੈਲੀਵਿਜ਼ਨ ਦੀ ਦੁਨੀਆ ਦਾ ਵੀ ਚਰਚਿਤ ਚਿਹਰਾ ਬਣ ਚੁੱਕੇ ਹਨ ਅਦਾਕਾਰ ਅਨੂਪ ਸੋਨੀ, ਜੋ ਹੁਣ ਥਿਏਟਰ ਜਗਤ ਵਿੱਚ ਵੀ ਆਪਣੀ ਪਹਿਚਾਣ ਦਾ ਦਾਇਰਾ ਲਗਾਤਾਰ ਹੋਰ ਵਿਸ਼ਾਲ ਕਰਦੇ ਜਾ ਰਹੇ ਹਨ, ਜਿਸ ਦਾ ਹੀ ਪ੍ਰਭਾਵੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਪਲੇ 'ਬਾਲੀਗੰਜ 1990', ਜਿਸ ਦਾ ਦੇਸ਼ ਦਾ ਦਿਲ ਮੰਨੀ ਜਾਂਦੀ ਦਿੱਲੀ ਵਿਖੇ 27 ਅਤੇ 28 ਅਪ੍ਰੈਲ ਨੂੰ ਵਿਸ਼ਾਲ ਮੰਚਨ ਹੋਣ ਜਾ ਰਿਹਾ ਹੈ।
'ਐਫਟੀਐਸ' ਦੇ ਪ੍ਰਸਤੁਤੀਕਰਨ ਅਧੀਨ ਗ੍ਰੈਂਡ ਪੱਧਰ ਉੱਪਰ ਖੇਡੇ ਜਾ ਰਹੇ ਇਸ ਸਸਪੈਂਸ ਅਤੇ ਥ੍ਰਿਲਰ ਨਾਟਕ ਦਾ ਲੇਖਨ ਅਤੇ ਨਿਰਦੇਸ਼ਨ ਅਤੁਲ ਸਤਿਆ ਕੌਸ਼ਿਕ ਕਰਨਗੇ, ਜੋ ਬਾਲੀਵੁੱਡ ਅਤੇ ਰੰਗ ਮੰਚ ਦੁਨੀਆ ਵਿੱਚ ਵਿਲੱਖਣ ਪਹਿਚਾਣ ਅਤੇ ਵਜੂਦ ਸਥਾਪਿਤ ਕਰ ਚੁੱਕੇ ਹਨ।
ਮੁੰਬਈ ਤੋਂ ਇਲਾਵਾ ਦੇਸ਼ ਦੇ ਹੋਰ ਹਿੱਸਿਆਂ ਵਿੱਚ ਸਫਲਤਾ ਪੂਰਵਕ ਖੇਡੇ ਜਾ ਚੁੱਕੇ ਉਕਤ ਨਾਟਕ ਵਿੱਚ ਅਨੂਪ ਸੋਨੀ ਅਤੇ ਪ੍ਰਤਿਭਾਵਾਨ ਅਦਾਕਾਰਾ ਪ੍ਰਿਅੰਕਾ ਸ਼ਰਮਾ ਮੁੱਖ ਕਿਰਦਾਰ ਪਲੇ ਕਰ ਰਹੇ ਹਨ, ਜੋ ਬਹੁਤ ਹੀ ਦਿਲ ਟੁੰਬਵੀਆਂ ਭੂਮਿਕਾਵਾਂ ਦੁਆਰਾ ਨਾਟ ਪ੍ਰੇਮੀਆਂ ਸਨਮੁੱਖ ਹੋਣਗੇ।
'ਐਪਿਕ ਸੈਂਟਰ' ਗੁਰੂਗ੍ਰਾਮ ਵਿਖੇ 27 ਅਪ੍ਰੈਲ ਨੂੰ ਸ਼ਾਮ 04 ਵਜੇ ਤੋਂ 07 ਵਜੇ ਤੱਕ ਅਤੇ ਕਮਾਨੀ ਆਡੀਟੋਰੀਅਮ ਦਿੱਲੀ ਵਿਖੇ 28 ਅਪ੍ਰੈਲ ਨੂੰ ਉਕਤ ਸਮੇਂ ਦੌਰਾਨ ਹੀ ਮੰਚਿਤ ਕੀਤੇ ਜਾ ਰਹੇ ਇਸ ਨਾਟਕ ਦੇ ਪ੍ਰਸਤੁਤਕਰਤਾ ਅਤੇ ਨਿਰਮਾਤਾ ਇਸ਼ਾਨ ਯਾਦਵ ਅਤੇ ਅਦਿੱਤੀ ਚੌਹਾਨ ਹਨ, ਜਿੰਨ੍ਹਾਂ ਨੇ ਦੱਸਿਆ ਕਿ ਦਿੱਲੀ ਵਿਖੇ ਪਹਿਲੀ ਵਾਰ ਹੋਣ ਜਾ ਰਹੇ ਇਸ ਨਾਟਕ ਨੂੰ ਲੈ ਕੇ ਉਹਨਾਂ ਦੀ ਪੂਰੀ ਟੀਮ ਕਾਫੀ ਉਤਸ਼ਾਹਿਤ ਹੈ।
ਉਨਾਂ ਦੱਸਿਆ ਕਿ ਰੰਗਮੰਚ ਨੂੰ ਪ੍ਰਫੁੱਲਿਤ ਕਰਨ ਅਤੇ ਇਸ ਦੇ ਵਜੂਦ ਨੂੰ ਜਿਉਂਦਿਆਂ ਰੱਖਣ ਦੇ ਸੁਹਿਰਦਤਾ ਨਾਲ ਕੀਤੇ ਜਾ ਰਹੇ ਯਤਨਾਂ ਵਜੋਂ ਹੀ ਸਾਹਮਣੇ ਲਿਆਂਦਾ ਜਾ ਰਿਹਾ ਹੈ, ਜਿਸ ਨੂੰ ਸਿਨੇਮਾ ਵਾਂਗ ਗਤੀਸ਼ੀਲਤਾ ਅਤੇ ਮਿਆਰੀ ਕੰਟੈਂਟ ਨਾਲ ਅੋਤ ਪੋਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂਕਿ ਵੱਧ ਤੋਂ ਵੱਧ ਦਰਸ਼ਕਾਂ ਨੂੰ ਥੀਏਟਰ ਨਾਲ ਜੋੜਿਆ ਜਾ ਸਕੇ।
ਹਾਲ ਹੀ ਵਿੱਚ ਰਿਲੀਜ਼ ਹੋਏ ਆਪਣੇ ਕਈ ਪ੍ਰੋਜੈਕਟਾਂ ਨੂੰ ਲੈ ਕੇ ਚਰਚਾ ਦਾ ਕੇਂਦਰ ਬਿੰਦੂ ਬਣਦੇ ਆ ਰਹੇ ਅਦਾਕਾਰ ਅਨੂਪ ਸੋਨੀ ਟੈਲੀਵਿਜ਼ਨ ਦੇ ਮਸ਼ਹੂਰ ਕ੍ਰਾਈਮ ਡਰਾਮਾ ਸ਼ੋਅ ਸਾਵਧਾਨ ਇੰਡੀਆ ਵਿੱਚ ਵੀ ਆਪਣੀ ਬਿਹਤਰੀਨ ਅਤੇ ਬਹੁਪੱਖੀ ਸ਼ਖਸ਼ੀਅਤ ਦਾ ਲੋਹਾ ਲਗਾਤਾਰ ਮੰਨਵਾ ਰਹੇ ਹਨ, ਜਿੰਨ੍ਹਾਂ ਅਨੁਸਾਰ ਰੰਗਮੰਚ ਦਾ ਉਨ੍ਹਾਂ ਦੇ ਕਰੀਅਰ ਨੂੰ ਸੰਵਾਰਨ ਅਤੇ ਉਨਾਂ ਦੇ ਸੁਫਨਿਆਂ ਨੂੰ ਤਾਬੀਰ ਦੇਣ ਵਿੱਚ ਹਮੇਸ਼ਾ ਅਹਿਮ ਯੋਗਦਾਨ ਰਿਹਾ ਹੈ, ਜਿਸ ਮੱਦੇਨਜ਼ਰ ਚਾਹੇ ਕਿੰਨੀ ਵੀ ਮਸ਼ਰੂਫੀਅਤ ਕਿਉਂ ਨਾ ਹੋਵੇ, ਉਹ ਥੀਏਟਰ ਪ੍ਰਤੀ ਬੇਮੁੱਖ ਹੋਣਾ ਕਦੇ ਪਸੰਦ ਨਹੀਂ ਕਰਦੇ, ਜਿੱਥੇ ਕੰਮ ਕਰਦਿਆਂ ਜੋ ਖੁਸ਼ੀ ਅਤੇ ਸਕੂਨ ਮਹਿਸੂਸ ਹੁੰਦਾ ਹੈ, ਉਸ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।