ਚੰਡੀਗੜ੍ਹ: ਪੰਜਾਬੀ ਸਿਨੇਮਾ ਦੀਆਂ ਆਗਾਮੀ ਬਹੁ-ਚਰਚਿਤ ਫਿਲਮਾਂ ਵਿੱਚ ਸ਼ਾਮਿਲ 'ਤੇਰੀਆਂ ਮੇਰੀਆਂ ਹੇਰਾਂ ਫੇਰੀਆਂ' ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ 21 ਜੂਨ 2024 ਨੂੰ ਦੇਸ਼ ਵਿਦੇਸ਼ ਦੇ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਗੁਰੂ ਕ੍ਰਿਪਾ ਫਿਲਮਜ਼' ਅਤੇ 'ਲਿਟਲ ਪ੍ਰੋਡੋਕਸ਼ਨਜ' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਬਿੱਗ ਸੈਟਅੱਪ ਫਿਲਮ ਦਾ ਨਿਰਦੇਸ਼ਨ ਰਿੱਕੀ ਐਮਕੇ ਵੱਲੋਂ ਕੀਤਾ ਗਿਆ ਹੈ, ਜੋ ਇਸ ਪਰਿਵਾਰਕ ਡਰਾਮਾ ਅਤੇ ਕਾਮੇਡੀ ਫਿਲਮ ਦੁਆਰਾ ਪਾਲੀਵੁੱਡ ਵਿੱਚ ਬਤੌਰ ਨਿਰਦੇਸ਼ਕ ਇੱਕ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ।
ਪੰਜਾਬ ਤੋਂ ਇਲਾਵਾ ਜਿਆਦਾਤਰ ਯੂਨਾਈਟਡ ਕਿੰਗਡਮ ਵਿਖੇ ਫਿਲਮਾਈ ਗਈ ਇਸ ਫਿਲਮ ਵਿੱਚ ਪੁਖਰਾਜ ਭੱਲਾ ਅਤੇ ਅਦਿਤੀ ਆਰਿਆ ਲੀਡ ਜੋੜੀ ਦੇ ਤੌਰ ਉਤੇ ਨਜ਼ਰ ਆਉਣਗੇ, ਜਿੰਨ੍ਹਾਂ ਦੇ ਨਾਲ ਜਸਵਿੰਦਰ ਭੱਲਾ, ਯੋਗਰਾਜ ਸਿੰਘ, ਰਾਣਾ ਜੰਗ ਬਹਾਦਰ, ਉਪਾਸਨਾ ਸਿੰਘ, ਅਨੀਤਾ ਦੇਵਗਨ, ਕਰਨ ਸੰਧਾਵਾਲੀਆਂ, ਹਰਬੀ ਸੰਘਾ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਵਿਖਾਈ ਦੇਣਗੇ।
ਪਿਛਲੇ ਕਾਫੀ ਸਮੇਂ ਤੋਂ ਬਣੀ ਪਰ ਕੁਝ ਕਾਰਨਾਂ ਦੇ ਮੱਦੇਨਜ਼ਰ ਰਿਲੀਜ਼ ਤੋਂ ਟੱਲਦੀ ਰਹੀ ਇਸ ਪੰਜਾਬੀ ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਖਾਸੀ ਉਤਸੁਕਤਾ ਪਾਈ ਜਾ ਰਹੀ ਹੈ, ਜਿੰਨ੍ਹਾਂ ਦੇ ਇੰਤਜ਼ਾਰ ਦੀਆਂ ਘੜੀਆਂ ਨੂੰ ਆਖਰ ਖਤਮ ਕਰਦਿਆਂ ਸੰਬੰਧਤ ਟੀਮ ਵੱਲੋਂ ਇਸ ਦੇ ਪਲੇਠੇ ਲੁੱਕ ਨੂੰ ਵੀ ਦਰਸ਼ਕਾਂ ਸਨਮੁੱਖ ਕਰ ਦਿੱਤਾ ਗਿਆ ਹੈ, ਜਿਸ ਨੂੰ ਅਪਣੇ ਵੱਲੋਂ ਅਲਹਦਾ ਮੁਹਾਂਦਰਾ ਦੇਣ ਦੀ ਹਰ ਸੰਭਵ ਕੋਸ਼ਿਸ਼ ਨਿਰਮਾਣਕਾਰਾਂ ਵੱਲੋਂ ਕੀਤੀ ਗਈ ਹੈ।
ਓਧਰ ਇਸ ਫਿਲਮ ਨਾਲ ਜੁੜੇ ਕੁਝ ਅਹਿਮ ਫੈਕਟਸ ਦੀ ਗੱਲ ਕੀਤੀ ਜਾਵੇ ਤਾਂ ਅਦਾਕਾਰ ਪੁਖਰਾਜ ਭੱਲਾ, ਜੋ ਪੰਜਾਬੀ ਸਿਨੇਮਾ ਦ੍ਰਿਸ਼ਾਵਲੀ ਤੋਂ ਇੰਨੀਂ ਦਿਨੀਂ ਕਰੀਬ ਕਰੀਬ ਆਊਟ ਆਫ ਫ੍ਰੇਮ ਚੱਲ ਰਹੇ ਹਨ, ਜਿਸ ਦੀ ਰਿਲੀਜ਼ ਹੋਣ ਵਾਲੀ ਇਹ ਬਾਰਵੀਂ ਫਿਲਮ ਹੋਵੇਗੀ, ਜਿਸ ਦੁਆਰਾ ਪਾਲੀਵੁੱਡ 'ਚ ਇੱਕ ਵਾਰ ਅਪਣੀ ਸ਼ਾਨਦਾਰ ਵਾਪਸੀ ਕਰਨ ਲਈ ਉਨ੍ਹਾਂ ਵੱਲੋਂ ਅਪਣਾ ਪੂਰਾ ਜ਼ੋਰ ਲਾਇਆ ਗਿਆ ਹੈ, ਹਾਲਾਂਕਿ ਦਰਸ਼ਕਾਂ ਦੀ ਕਸਵੱਟੀ ਉਤੇ ਉਹ ਕਿੰਨਾ ਕੁ ਖਰਾ ਉਤਰਨਗੇ ਇਸ ਦਾ ਨਤੀਜਾ ਤਾਂ ਫਿਲਮ ਰਿਲੀਜ਼ ਉਪਰੰਤ ਹੀ ਸਾਹਮਣੇ ਆਵੇਗਾ।
ਪੰਜਾਬੀ ਸਿਨੇਮਾ ਖੇਤਰ ਵਿੱਚ ਉੱਚ-ਕੋਟੀ ਅਤੇ ਵਿਲੱਖਣ ਪਹਿਚਾਣ ਰੱਖਦੇ ਅਦਾਕਾਰ ਜਸਵਿੰਦਰ ਭੱਲਾ ਦੇ ਹੋਣਹਾਰ ਫਰਜ਼ੰਦ ਪੁਖਰਾਜ ਭੱਲਾ ਦੇ ਕਰੀਅਰ ਦੀ ਇਹ ਤ੍ਰਾਸਦੀ ਹੀ ਰਹੀ ਕਿ ਬੇਸ਼ੁਮਾਰ ਬਿਹਤਰੀਨ ਪ੍ਰੋਜੈਕਟਸ ਦਾ ਹਿੱਸਾ ਬਣ ਚੁੱਕੇ ਹੋਣ ਦੇ ਬਾਵਜੂਦ ਪੰਜਾਬੀ ਸਿਨੇਮਾ ਖੇਤਰ ਵਿੱਚ ਉਨ੍ਹਾਂ ਦੀ ਅਸ਼ਾਵਾਂ ਨੂੰ ਪੂਰਨ ਰੂਪ ਵਿੱਚ ਬੂਰ ਹਾਲੇ ਤੱਕ ਨਹੀਂ ਪਿਆ।