ਚੰਡੀਗੜ੍ਹ:ਪੰਜਾਬੀ ਸੰਗੀਤ ਅਤੇ ਸਿਨੇਮਾ ਖੇਤਰ ਵਿੱਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਮੁਕਾਮ ਹਾਸਿਲ ਕਰ ਚੁੱਕੇ ਹਨ ਅਮਰਿੰਦਰ ਗਿੱਲ, ਜਿੰਨ੍ਹਾਂ ਦੇ ਹੋਣਹਾਰ ਬੇਟਿਆਂ ਅਰਮਾਨ ਅਤੇ ਅਰਨਾਜ਼ ਗਿੱਲ ਵੱਲੋਂ ਗੁੱਪ-ਚੁੱਪ ਢੰਗ ਨਾਲ ਸੰਗੀਤਕ ਖੇਤਰ ਵਿੱਚ ਦਿੱਤੀ ਦਸਤਕ ਜਿੱਥੇ ਅਨੇਕਾਂ ਸਵਾਲ ਪੈਦਾ ਕਰ ਰਹੀ ਹੈ, ਉਥੇ ਹੀ ਇੰਨ੍ਹਾਂ ਦੋਹਾਂ ਦੀ ਲਾਜਵਾਬ ਗਾਇਕੀ ਦੀ ਹਰ ਕੋਈ ਤਾਰੀਫ਼ ਕਰ ਰਿਹਾ ਹੈ।
ਬਿਨ੍ਹਾਂ ਸ਼ੋਰ-ਸ਼ਰਾਬੇ ਤੋਂ ਗਾਇਕੀ ਖੇਤਰ ਵਿੱਚ ਉੱਤਰੇ ਅਮਰਿੰਦਰ ਗਿੱਲ ਦੇ ਬੇਟੇ
ਦੁਨੀਆ ਭਰ ਵਿੱਚ ਅਪਣੀ ਨਾਯਾਬ ਗਾਇਕੀ ਅਤੇ ਅਦਾਕਾਰੀ ਦਾ ਲੋਹਾ ਮੰਨਵਾ ਰਹੇ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਸੁਰਖੀਆਂ ਅਤੇ ਸ਼ੋਰ-ਸ਼ਰਾਬੇ ਤੋਂ ਦੂਰ ਰਹਿਣਾ ਹੀ ਪਸੰਦ ਕਰਦੇ ਹਨ, ਜੋ ਖੁਦ ਰਿਜ਼ਰਵਡ ਰਹਿਣ ਦੇ ਨਾਲ-ਨਾਲ ਆਪਣੇ ਪਰਿਵਾਰ ਅਤੇ ਨਿੱਜੀ ਜ਼ਿੰਦਗੀ ਨੂੰ ਵੀ ਮੀਡੀਆ ਤੋਂ ਦੂਰ ਰੱਖਣਾ ਪਸੰਦ ਕਰਦੇ ਹਨ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਬੇਟਿਆਂ ਦਾ ਸਾਧਾਰਨ ਰੂਪ ਵਿੱਚ ਦਰਸ਼ਕਾਂ ਅਤੇ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਹੋਣਾ ਭਾਰੀ ਹੈਰਾਨੀ ਪੈਦਾ ਕਰ ਰਿਹਾ ਹੈ, ਜੋ ਕਈ ਸਵਾਲ ਵੀ ਪੈਦਾ ਕਰ ਰਿਹਾ ਹੈ ਕਿ ਉਹ ਕਿਹੜੇ ਕਾਰਨ ਹਨ, ਜਿੰਨ੍ਹਾਂ ਦੇ ਮੱਦੇਨਜ਼ਰ ਅਮਰਿੰਦਰ ਗਿੱਲ ਅਪਣੇ ਬੇਟਿਆਂ ਨੂੰ ਵਜ਼ੂਦ ਅਤੇ ਪਹਿਚਾਣ ਦੇਣ ਲਈ ਅੱਗੇ ਨਹੀਂ ਆ ਰਹੇ।
ਗਾਇਕ ਅਮਰਿੰਦਰ ਨੇ ਹਮੇਸ਼ਾ ਆਪਣੀ ਜ਼ਿੰਦਗੀ ਨੂੰ ਰੱਖਿਆ ਗੁਪਤ
ਪੰਜਾਬ ਦੇ ਮਾਂਝਾ ਖੇਤਰ ਅਧੀਨ ਆਉਂਦੇ ਜ਼ਿਲ੍ਹਾਂ ਤਰਨਤਾਰਨ ਸਾਹਿਬ ਨਾਲ ਸੰਬੰਧਿਤ ਅਮਰਿੰਦਰ ਗਿੱਲ ਦਾ ਵਿਆਹ ਸੁਨੀਤ ਗਿੱਲ ਨਾਲ ਹੋਇਆ ਹੈ, ਜੋ ਖੁਦ ਇੱਕ ਘਰੇਲੂ ਮਹਿਲਾ ਹੋਣ ਕਾਰਨ ਨਿੱਜੀ ਜੀਵਨ ਨੂੰ ਸਾਂਝਾ ਕਰਨ ਤੋਂ ਅੱਜ ਤੱਕ ਦੂਰ ਰਹੇ ਹਨ। ਪਰ ਸਾਹਮਣੇ ਆਈ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਅਮਰਿੰਦਰ ਗਿੱਲ ਦੇ ਕਰੀਅਰ ਨੂੰ ਸੰਵਾਰਨ ਅਤੇ ਉਨ੍ਹਾਂ ਨੂੰ ਸਟਾਰ ਬਣਾਉਣ ਵਿੱਚ ਅਹਿਮ ਯੋਗਦਾਨ ਰਿਹਾ ਹੈ, ਜਿੰਨ੍ਹਾਂ ਘਰ ਪਰਿਵਾਰ ਤੱਕ ਅਪਣੇ ਆਪ ਨੂੰ ਸੀਮਿਤ ਰੱਖਦਿਆਂ ਅਪਣੇ ਪਤੀ ਨੂੰ ਹਮੇਸ਼ਾ ਕਰੀਅਰ ਵੱਲ ਪੂਰਨ ਫੋਕਸ ਕਰਨ ਲਈ ਪ੍ਰੇਰਿਆ ਹੈ।
ਆਖ਼ਰ ਕਿਉਂ ਆਪਣੇ ਪੁੱਤਰਾਂ ਨੂੰ ਪਹਿਚਾਣ ਨਹੀਂ ਦੇ ਰਹੇ ਅਮਰਿੰਦਰ ਗਿੱਲ
ਪਰ ਇਸ ਸਭ ਕਾਸੇ ਦੇ ਬਾਵਜੂਦ ਅਮਰਿੰਦਰ ਗਿੱਲ ਦਾ ਅਪਣੇ ਪ੍ਰਤਿਭਾਵਾਨ ਬੇਟਿਆਂ ਦੇ ਹੱਕ ਵਿੱਚ ਖੁੱਲ੍ਹਕੇ ਨਾ ਖੜਨਾ ਸਾਧਾਰਨ ਪ੍ਰਸਥਿਤੀਆਂ ਦੀ ਨਿਸ਼ਾਨੀ ਨਹੀਂ ਮੰਨਿਆ ਜਾ ਸਕਦਾ। ਉਕਤ ਸੰਬੰਧਤ ਕੁਝ ਹੋਰ ਡੂੰਘਾਈ ਵੱਲ ਜਾਂਦਿਆਂ ਇਹ ਉਜਾਗਰਤਾ ਵੀ ਹੁੰਦੀ ਹੈ ਕਿ ਅਮਰਿੰਦਰ ਗਿੱਲ ਦੇ ਉਕਤ ਬੇਟੇ ਮੌਜੂਦਾ ਸਮੇਂ ਕੈਨੇਡਾ ਵਿਖੇ ਰਹਿ ਰਹੇ ਹਨ ਅਤੇ ਉੱਥੋਂ ਹੀ ਗਾਹੇ ਬਗਾਹੇ ਅਪਣੇ ਗਾਇਕੀ ਰੂਪੀ ਸੁਫ਼ਨਿਆਂ ਨੂੰ ਤਾਬੀਰ ਦੇਣ ਵਿੱਚ ਜੁਟੇ ਹੋਏ ਹਨ, ਜੋ ਅਪਣੇ ਪੱਧਰ ਉੱਪਰ ਹੀ ਹਰਸੰਭਵ ਕੋਸ਼ਿਸ਼ ਨੂੰ ਅੰਜ਼ਾਮ ਦੇ ਰਹੇ ਹਨ, ਜਿੰਨ੍ਹਾਂ ਦੁਆਰਾ ਸਾਧਾਰਨਤਾ ਪੱਧਰ ਕੀਤੀਆਂ ਜਾ ਰਹੀਆਂ ਕੋਸ਼ਿਸਾਂ ਨੂੰ ਹੁਣ ਹੌਲ਼ੀ-ਹੌਲ਼ੀ ਬੂਰ ਪੈਣਾ ਸ਼ੁਰੂ ਹੋ ਗਿਆ ਹੈ, ਪਰ ਇਸ ਸਭ ਕਾਸੇ 'ਚ ਅਮਰਿੰਦਰ ਗਿੱਲ ਦੀ ਨਜ਼ਰ-ਅੰਦਾਜ਼ੀ ਹਰ ਕਿਸੇ ਨੂੰ ਅਚੰਬਤ ਕਰ ਰਹੀ ਹੈ, ਜਿਸ ਨੂੰ ਮਹਿਜ਼ ਇਸ ਸੋਚ ਨਾਲ ਸਾਧਾਰਨ ਰੂਪ ਵਿੱਚ ਨਹੀਂ ਲਿਆ ਜਾ ਸਕਦਾ ਕਿ ਅਮਰਿੰਦਰ ਗਿੱਲ ਉਨ੍ਹਾਂ ਨੂੰ ਅਪਣੇ ਦਮ ਉਤੇ ਕੁਝ ਕਰਦਿਆਂ ਵੇਖਣਾ ਚਾਹੁੰਦੇ ਹਨ, ਕਿਉਂਕਿ ਜ਼ਿੰਦਗੀ ਵਿੱਚ ਨਿੱਜੀ ਰੱਖਣ ਨੂੰ ਤਾਂ ਮੰਨਿਆ ਜਾ ਸਕਦਾ ਹੈ, ਪਰ ਬੱਚਿਆਂ ਨੂੰ ਸੁਫ਼ਨਿਆਂ ਸਮੇਤ ਇਕੱਲਤਾ ਵੱਲ ਧੱਕ ਦੇਣਾ ਮੰਨਣਯੋਗ ਨਹੀਂ ਹੈ ਜਾਂ ਫਿਰ ਇਸ ਪਿੱਛੇ ਕਾਰਨ ਕੁਝ ਹੋਰ ਵੀ ਹੋ ਸਕਦੇ ਹਨ, ਜੋ ਫਿਰ ਇਹ ਵੀ ਹੋ ਸਕਦਾ ਹੈ ਕਿ ਉਹ ਅਪਣੇ ਪਿਤਾ ਦੀ ਸਪੋਰਟ ਲੈਣਾ ਨਹੀਂ ਚਾਹੁੰਦੇ, ਪਰ ਆਖਰ ਕਿਉਂ...ਇਸ ਪਿੱਛੇ ਵੀ ਅਜਿਹੇ ਕਈ ਸਵਾਲ ਹਨ, ਜਿੰਨ੍ਹਾਂ ਦਾ ਜਵਾਬ ਭਵਿੱਖ ਦੀਆਂ ਗਹਿਰਾਈਆਂ ਹੀ ਦੇ ਸਕਦੀਆਂ ਹਨ।
ਗੀਤ ਦੇਖ ਕੀ ਬੋਲੇ ਸਰੋਤ
ਤੁਹਾਨੂੰ ਦੱਸ ਦੇਈਏ ਕਿ ਇਸ ਗੀਤ ਦੀ ਸਰੋਤੇ ਕਾਫੀ ਤਾਰੀਫ਼ ਕਰ ਰਹੇ ਹਨ ਅਤੇ ਪਿਆਰੇ-ਪਿਆਰ ਕਮੈਂਟ ਕਰ ਰਹੇ ਹਨ, ਇੱਕ ਨੇ ਲਿਖਿਆ, 'ਅਮਰਿੰਦਰ ਗਿੱਲ ਦੀ ਵਿਰਾਸਤ ਨੂੰ ਮਾਣ ਨਾਲ ਸੰਭਾਲਦੇ ਹੋਏ, ਮਾਣ ਹੈ ਤੁਹਾਡੇ 'ਤੇ ਅਰਮਾਨ ਅਤੇ ਅਰਨਾਜ਼ ਗਿੱਲ।' ਇੱਕ ਹੋਰ ਨੇ ਲਿਖਿਆ, 'ਬਹੁਤ ਸੋਹਣਾ...ਇਸ ਗਾਣੇ ਨੇ ਸਾਬਿਤ ਕਰ ਦਿੱਤਾ ਕਿ ਗੀਤ ਹਥਿਆਰਾਂ, ਅਸਲਿਆਂ, ਬੰਦੂਕਾਂ ਦੀ ਵਰਤੋਂ ਤੋਂ ਬਿਨ੍ਹਾਂ ਵੀ ਬਣਾਇਆ ਜਾ ਸਕਦਾ ਏ।' ਇਸ ਤੋਂ ਇਲਾਵਾ ਕਈਆਂ ਨੇ ਦੋਵਾਂ ਦੀ ਤਾਰੀਫ਼ ਇਸ ਲਈ ਵੀ ਕੀਤੀ ਕਿਉਂਕਿ ਉਹ ਆਪਣੇ ਦਮ ਉਤੇ ਗਾਇਕੀ ਖੇਤਰ ਵਿੱਚ ਉੱਤਰੇ ਹਨ।
ਇਹ ਵੀ ਪੜ੍ਹੋ: