ਚੰਡੀਗੜ੍ਹ:ਪੰਜਾਬੀ ਸਿਨੇਮਾ ਦੇ ਸਿਰਮੌਰ ਅਦਾਕਾਰ ਅਤੇ ਨਿਰਮਾਤਾ ਅਮਰਿੰਦਰ ਗਿੱਲ ਦੀ ਨਵੀਂ ਪੰਜਾਬੀ ਫਿਲਮ 'ਮਿੱਤਰਾਂ ਦਾ ਚੱਲਿਆ ਟਰੱਕ ਨੀਂ' ਰਿਲੀਜ਼ ਲਈ ਤਿਆਰ ਹੈ, ਜਿਸ ਦੀ ਪਹਿਲੀ ਝਲਕ ਅੱਜ ਜਾਰੀ ਕਰ ਦਿੱਤੀ ਗਈ ਹੈ, ਜੋ ਜਲਦ ਹੀ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਵਿੱਚ ਅਪਣੀ ਸ਼ਾਨਦਾਰ ਆਮਦ ਦਾ ਇਜ਼ਹਾਰ ਕਰਵਾਉਣ ਜਾ ਰਹੀ ਹੈ।
'ਰਿਦਮ ਬੁਆਏਜ਼', 'ਗਿੱਲਜ ਨੈੱਟਵਰਕ' ਅਤੇ 'ਸੀਆ ਤੋਂ ਸਕਾਈ ਪ੍ਰੋਡੋਕਸ਼ਨ ਹਾਊਸਜ' ਦੇ ਬੈਨਰਜ਼ ਅਤੇ ਸੁਯੰਕਤ ਨਿਰਮਾਣ ਅਧੀਨ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਰਾਕੇਸ਼ ਧਵਨ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਬਤੌਰ ਲੇਖਕ ਅਤੇ ਨਿਰਦੇਸ਼ਕ ਕਈ ਵੱਡੀਆਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮਾਂ ਦਾ ਹਿੱਸਾ ਰਹੇ ਹਨ ਅਤੇ ਅਮਰਿੰਦਰ ਗਿੱਲ ਦੀਆਂ ਵੀ ਕਈ ਸਫਲਤਮ ਫਿਲਮਾਂ ਲਿਖ ਚੁੱਕੇ ਹਨ, ਹਾਲਾਂਕਿ ਨਿਰਦੇਸ਼ਕ ਦੇ ਰੂਪ ਵਿੱਚ ਉਹ ਪਹਿਲੀ ਵਾਰ ਉਨ੍ਹਾਂ ਦੀ ਕਿਸੇ ਫਿਲਮ ਦੀ ਕਮਾਂਡ ਸੰਭਾਲ ਰਹੇ ਹਨ।
ਨਿਰਮਾਤਾ ਕਾਰਜ ਗਿੱਲ, ਦਰਸ਼ਨ ਸ਼ਰਮਾਂ ਵੱਲੋਂ ਵਿਸ਼ਾਲ ਕੈਨਵਸ ਅਤੇ ਬਿੱਗ ਸੈਟਅੱਪ ਅਧੀਨ ਬਣਾਈ ਗਈ ਅਤੇ 11 ਅਕਤੂਬਰ ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਵਿੱਚ ਅਮਰਿੰਦਰ ਗਿੱਲ ਅਤੇ ਸੁਨੰਦਾ ਸ਼ਰਮਾ ਲੀਡ ਜੋੜੀ ਦੇ ਰੂਪ ਵਿੱਚ ਨਜ਼ਰ ਅਉਣਗੇ, ਜੋ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।
ਪੰਜਾਬ ਦੇ ਖਰੜ੍ਹ ਲਾਗੇ ਲਗਾਏ ਗਏ ਟਰੱਕ ਯੂਨੀਅਨ ਦੇ ਵਿਸ਼ੇਸ਼ ਸੈੱਟਸ ਤੋਂ ਇਲਾਵਾ ਕਲਕੱਤਾ ਵਿਖੇ ਫਿਲਮਾਈ ਗਈ ਇਹ ਪਹਿਲੀ ਪੰਜਾਬੀ ਫਿਲਮ ਹੋਵੇਗੀ, ਜਿਸ ਦੇ ਕਾਫ਼ੀ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਉਥੋਂ ਨੇੜਲੇ ਸ਼ਾਂਤੀ ਨਿਕੇਤਨ ਆਸ਼ਰਮ ਵਿਖੇ ਵੀ ਕੀਤਾ ਗਿਆ ਹੈ, ਜਿੱਥੇ ਹੋਈ ਸ਼ੂਟਿੰਗ ਵਿੱਚ ਅਮਰਿੰਦਰ ਗਿੱਲ, ਸੁਨੰਦਾ ਸ਼ਰਮਾ ਤੋਂ ਇਲਾਵਾ ਗੁਰਮੀਤ ਸਾਜਨ ਆਦਿ ਕਲਾਕਾਰਾਂ ਨੇ ਵੀ ਹਿੱਸਾ ਲਿਆ।