ਮੁੰਬਈ: ਬਾਲੀਵੁੱਡ ਦੀ 'ਗੰਗੂਬਾਈ' ਆਲੀਆ ਭੱਟ ਇਸ ਸਾਲ ਮੇਟ ਗਾਲਾ 2024 'ਚ ਸ਼ਾਮਲ ਹੋਣ ਲਈ ਤਿਆਰ ਹੈ। ਉਹ ਸਾਲ 2024 ਦਾ ਹਿੱਸਾ ਬਣਨ ਵਾਲੀਆਂ ਕੁਝ ਭਾਰਤੀ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹੋਵੇਗੀ। ਇਹ ਦੂਜੀ ਵਾਰ ਹੈ ਜਦੋਂ ਅਦਾਕਾਰਾ ਆਲੀਆ ਭੱਟ ਮੇਟ ਗਾਲਾ ਵਿੱਚ ਆਪਣੇ ਗਲੈਮਰਸ ਅਵਤਾਰ ਨੂੰ ਦਿਖਾਏਗੀ। ਨਿਊਯਾਰਕ ਲਈ ਰਵਾਨਾ ਹੁੰਦੇ ਹੋਏ ਉਨ੍ਹਾਂ ਨੂੰ ਮੁੰਬਈ ਦੇ ਕਾਲੀਨਾ ਏਅਰਪੋਰਟ 'ਤੇ ਦੇਖਿਆ ਗਿਆ ਹੈ।
ਆਲੀਆ ਭੱਟ ਨਿਊਯਾਰਕ ਲਈ ਹੋਈ ਰਵਾਨਾ: ਪਾਪਰਾਜ਼ੀ ਨੇ ਆਲੀਆ ਭੱਟ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਅਦਾਕਾਰਾ ਬੀਤੀ ਰਾਤ ਮੁੰਬਈ ਦੇ ਕਾਲੀਨਾ ਹਵਾਈ ਅੱਡੇ ਤੋਂ ਨਿਊਯਾਰਕ ਲਈ ਰਵਾਨਾ ਹੁੰਦੇ ਹੋਏ ਕੈਮਰੇ ਵਿੱਚ ਕੈਦ ਹੋ ਗਈ ਸੀ। ਉਨ੍ਹਾਂ ਨੇ ਚਿੱਟੇ ਰੰਗ ਦੀ ਹੂਡੀ ਪਾਈ ਹੋਈ ਸੀ ਅਤੇ ਵਾਲਾਂ ਦੀ ਪੋਨੀ ਕੀਤੀ ਹੋਈ ਸੀ। ਇਸ ਦੇ ਡਿਜ਼ਾਈਨਰ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਹੈ।
ਦੱਸ ਦਈਏ ਕਿ ਆਲੀਆ ਭੱਟ ਨੇ 2023 'ਚ ਮੇਟ ਗਾਲਾ ਵਿੱਚ ਡੈਬਿਊ ਕੀਤਾ ਸੀ। ਪਿਛਲੇ ਸਾਲ ਮੇਟ ਗਾਲਾ ਦੀ ਥੀਮ 'ਕਾਰਲ ਲੇਜਰਫੀਲਡ: ਏ ਲਾਈਨ ਆਫ ਬਿਊਟੀ' ਸੀ। ਇਸ ਥੀਮ ਨੂੰ ਧਿਆਨ ਵਿੱਚ ਰੱਖਦੇ ਹੋਏ ਅਦਾਕਾਰਾ ਨੇ ਪ੍ਰਬਲ ਗੁਰੂੰਗ ਦੁਆਰਾ ਡਿਜ਼ਾਈਨ ਕੀਤਾ ਇੱਕ ਸੁੰਦਰ ਗਾਊਨ ਚੁਣਿਆ ਸੀ। ਉਨ੍ਹਾਂ ਦਾ ਪੂਰਾ ਗਾਊਨ ਮੋਤੀਆਂ ਨਾਲ ਸਜਿਆ ਹੋਇਆ ਸੀ।
ਮੇਟ ਗਾਲਾ ਗੈਸਟ ਲਿਸਟ ਨੂੰ ਫੈਸ਼ਨ ਈਵੈਂਟ ਤੋਂ ਪਹਿਲਾਂ ਸ਼ਾਮ ਤੱਕ ਗੁਪਤ ਰੱਖਿਆ ਜਾਂਦਾ ਹੈ। ਜੇਕਰ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ, ਮੇਟ ਲਗਭਗ 450 ਹਜ਼ਾਰ ਲੋਕਾਂ ਦੀ ਮੇਜ਼ਬਾਨੀ ਕਰਦਾ ਹੈ, ਜਿਸ ਵਿੱਚ ਭਾਗ ਲੈਣ ਵਾਲੇ ਡਿਜ਼ਾਈਨਰ ਵੀ ਸ਼ਾਮਲ ਹੁੰਦੇ ਹਨ। ਤਾਜ਼ਾ ਰਿਪੋਰਟਾਂ ਦੇ ਅਨੁਸਾਰ, ਸੈਲੀਬ੍ਰਿਟੀ ਜੋੜਾ ਟੇਲਰ ਸਵਿਫਟ ਅਤੇ ਟ੍ਰੈਵਿਸ ਕੇਲਸ ਇਸ ਸਾਲ ਮੇਟ ਗਾਲਾ ਦੇ ਰੈੱਡ ਕਾਰਪੇਟ 'ਤੇ ਮੌਜੂਦ ਹੋਣਗੇ।
ਮੇਟ ਗਾਲਾ 2024 'ਚ ਇਹ ਸਿਤਾਰੇ ਹੋ ਸਕਦੇ ਨੇ ਸ਼ਾਮਲ:ਰਿਪੋਰਟ ਦੇ ਅਨੁਸਾਰ, ਲੌਰੇਨ ਸਾਂਚੇਜ਼, ਕੈਟਲਿਨ ਕਲਾਰਕ, ਸੈਮ ਓਲਟਮੈਨ, ਜੇਫ ਬੇਜੋਸ ਵੀ ਕੁਝ ਅਜਿਹੇ ਨਾਮ ਹਨ, ਜੋ ਇਸ ਸਾਲ ਮੇਟ ਗਾਲਾ ਵਿੱਚ ਮੌਜੂਦ ਹੋ ਸਕਦੇ ਹਨ। ਪ੍ਰਿਯੰਕਾ ਚੋਪੜਾ, ਜੋ ਕਿ ਮੇਟ 'ਤੇ ਅਕਸਰ ਨਜ਼ਰ ਆਉਂਦੀ ਹੈ, ਆਪਣੇ ਕੰਮ ਦੇ ਕਾਰਨ ਇਸ ਸਾਲ ਸਮਾਗਮ ਵਿੱਚ ਸ਼ਾਮਲ ਨਹੀਂ ਹੋ ਸਕੇਗੀ।